੧੪੭
ਸਰਬ ਸ਼ਕਤੀਮਾਨ ਪਰਮੇਸ਼ੁਰ ਦੀ ਉਸਤਤ
੧ ਹਲਲੂਯਾਹ ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ ! ੨ ਯਹੋਵਾਹ ਯਰੂਸ਼ਲਮ ਨੂੰ ਉਸਾਰਦਾ ਹੈ, ਉਹ ਇਸਰਾਏਲ ਦੇ ਦੇਸੋਂ ਕੱਢਿਆਂ ਨੂੰ ਇਕੱਠਾ ਕਰਦਾ ਹੈ । ੩ ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨਦਾ ਹੈ । ੪ ਉਹ ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬਲਾਉਂਦਾ ਹੈ । ੫ ਸਾਡਾ ਪ੍ਰਭੂ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ । ੬ ਯਹੋਵਾਹ ਮਸਕੀਨਾਂ ਨੂੰ ਸੰਭਾਲਦਾ ਹੈ, ਉਹ ਦੁਸ਼ਟਾਂ ਨੂੰ ਧਰਤੀ ਤੱਕ ਨਿਵਾ ਦਿੰਦਾ ਹੈ । ੭ ਯਹੋਵਾਹ ਨੂੰ ਧੰਨਵਾਦ ਨਾਲ ਉੱਤਰ ਦਿਓ, ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ, ੮ ਜਿਹੜਾ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ, ਅਤੇ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ । ੯ ਉਹ ਡੰਗਰਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈ, ਨਾਲੇ ਕਾਵਾਂ ਦੇ ਬੱਚਿਆਂ ਨੂੰ ਜਦ ਉਹ ਪੁਕਾਰਦੇ ਹਨ । ੧੦ ਨਾ ਘੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ, ਨਾ ਮਨੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ । ੧੧ ਯਹੋਵਾਹ ਆਪਣੇ ਭੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ, ਅਤੇ ਆਪਣੀ ਦਯਾ ਦੀ ਆਸਵੰਦਾ ਉੱਤੇ ਵੀ । ੧੨ ਹੇ ਯਰੂਸ਼ਲਮ, ਯਹੋਵਾਹ ਦਾ ਜਸ ਗਾ, ਹੇ ਸੀਯੋਨ, ਆਪਣੇ ਪਰਮੇਸ਼ੁਰ ਦੀ ਉਸਤਤ ਕਰ ! ੧੩ ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ । ੧੪ ਉਹ ਤੇਰੀਆਂ ਹੱਦਾਂ ਵਿੱਚ ਸੁਲਾਹ ਰੱਖਦਾ ਹੈ, ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ । ੧੫ ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ । ੧੬ ਉਹ ਬਰਫ਼ ਉੱਨ ਵਾਂਗੂੰ ਪਾਉਂਦਾ ਹੈ, ਅਤੇ ਕੱਕਰ ਸੁਆਹ ਵਾਂਗੂੰ ਖਿੰਡਾਉਂਦਾ ਹੈ । ੧੭ ਉਹ ਆਪਣੀ ਬਰਫ਼ ਨੂੰ ਟੁੱਕੜੇ-ਟੁੱਕੜੇ ਕਰ ਕੇ ਸੁੱਟਦਾ ਹੈ, ਉਹ ਦੇ ਪਾਲੇ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ ? ੧੮ ਉਹ ਆਪਣਾ ਹੁਕਮ ਭੇਜ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵਗ ਪੈਂਦੇ ਹਨ । ੧੯ ਉਹ ਯਾਕੂਬ ਨੂੰ ਆਪਣੇ ਹੁਕਮ, ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਂ ਦੱਸਦਾ ਹੈ । ੨੦ ਉਹ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, ਅਤੇ ਉਹ ਦੇ ਨਿਆਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ । ਹਲਲੂਯਾਹ ! ।