੧੪੮
ਸਾਰੀ ਸ੍ਰਿਸ਼ਟੀ ਪਰਮੇਸ਼ੁਰ ਦੀ ਉਸਤਤ ਕਰੇ
੧ ਹਲਲੂਯਾਹ ! ਅਕਾਸ਼ੋਂ ਯਹੋਵਾਹ ਦੀ ਉਸਤਤ ਕਰੋ, ਉਚਿਆਈਆਂ ਵਿੱਚ ਉਹ ਦੀ ਉਸਤਤ ਕਰੋ ! ੨ ਹੇ ਉਹ ਦੇ ਸਾਰੇ ਦੂਤੋ, ਉਹ ਦੀ ਉਸਤਤ ਕਰੋ, ਹੇ ਉਹ ਦੀਓ ਸਾਰੀਓ ਸੈਨਾਵੋ, ਉਹ ਦੀ ਉਸਤਤ ਕਰੋ ! ੩ ਹੇ ਸੂਰਜ ਤੇ ਚੰਦ, ਉਹ ਦੀ ਉਸਤਤ ਕਰੋ, ਹੇ ਸਾਰੇ ਰੋਸ਼ਨ ਤਾਰਿਓ, ਉਹ ਦੀ ਉਸਤਤ ਕਰੋ ! ੪ ਹੇ ਅਕਾਸ਼ਾਂ ਦੇ ਅਕਾਸ਼ੋ, ਉਹ ਦੀ ਉਸਤਤ ਕਰੋ, ਨਾਲੇ ਪਾਣੀ ਜਿਹੜੇ ਅਕਾਸ਼ਾਂ ਦੇ ਉੱਤੇ ਹਨ ! ੫ ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ, ਕਿਉਂ ਜੋ ਉਸ ਹੁਕਮ ਦਿੱਤਾ ਅਤੇ ਓਹ ਉਤਪੰਨ ਹੋਏ, ੬ ਅਤੇ ਉਸ ਉਨ੍ਹਾਂ ਨੂੰ ਸਦਾ ਲਈ ਇਸਥਿਰ ਕੀਤਾ, ਉਸ ਨੇ ਇੱਕ ਬਿਧੀ ਦਿੱਤੀ ਜਿਹੜੀ ਅਟੱਲ ਹੈ । ੭ ਹੇ ਜਲ ਜੰਤੂਓ ਤੇ ਸਾਰੀਓ ਡੂੰਘਿਆਈਓ, ਪ੍ਰਿਥਵੀ ਤੋਂ ਯਹੋਵਾਹ ਦੀ ਉਸਤਤ ਕਰੋ ! ੮ ਅੱਗ ਦੇ ਗੜ੍ਹੇ, ਬਰਫ਼ ਤੇ ਧੁੰਦ, ਤੂਫਾਨੀ ਹਵਾ ਜਿਹੜੀ ਉਹ ਦਾ ਹੁਕਮ ਪੂਰਾ ਕਰਦੀ ਹੈ, ੯ ਪਹਾੜ ਤੇ ਸਾਰੇ ਟਿੱਬੇ, ਫਲਦਾਰ ਬਿਰਛ ਤੇ ਸਾਰੇ ਦਿਆਰ, ੧੦ ਦਰਿੰਦੇ ਤੇ ਸਾਰੇ ਡੰਗਰ, ਘਿਸਰਨ ਵਾਲੇ ਤੇ ਪੰਖ ਪੰਛੀ, ੧੧ ਧਰਤੀ ਦੇ ਰਾਜੇ ਤੇ ਸਾਰੀਆਂ ਉੱਮਤਾਂ, ਸਰਦਾਰ ਤੇ ਧਰਤੀ ਦੇ ਨਿਆਈਂ, ੧੨ ਗੱਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, ੧੩ ਏਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ਼ ਧਰਤੀ ਤੇ ਅਕਾਸ਼ ਦੇ ਉੱਪਰ ਹੈ, ੧੪ ਅਤੇ ਉਹ ਨੇ ਆਪਣੀ ਪਰਜਾ ਦੇ ਸਿੰਙ ਨੂੰ ਉੱਚਾ ਕੀਤਾ, ਏਹ ਉਹ ਦੇ ਸਾਰੇ ਸੰਤਾਂ ਲਈ ਉਸਤਤ ਦਾ ਕਾਰਨ ਹੈ, ਅਰਥਾਤ ਇਸਰਾਏਲੀਆਂ ਲਈ, ਜਿਹੜੇ ਉਹ ਦੇ ਨੇੜੇ ਦੇ ਲੋਕ ਹਨ, ― ਹਲਲੂਯਾਹ ! ।