ਸੱਤਵੀਂ ਮੋਹਰ ਅਤੇ ਸੋਨੇ ਦਾ ਧੂਪਦਾਨ
੧ ਜਦੋਂ ਉਹ ਨੇ ਸੱਤਵੀਂ ਮੋਹਰ ਤੋੜੀ ਤਾਂ ਸਵਰਗ ਵਿੱਚ ਅੱਧੇ ਕੁ ਘੰਟੇ ਤੱਕ ਖਮੋਸ਼ੀ ਛਾ ਗਈ । ੨ ਅਤੇ ਮੈਂ ਉਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ, ਅਤੇ ਉਹਨਾਂ ਨੂੰ ਸੱਤ ਤੁਰ੍ਹੀਆਂ ਫੜਾਈਆਂ ਗਈਆਂ ।
੩ ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲੈ ਕੇ ਜਗਵੇਦੀ ਉੱਤੇ ਜਾ ਖੜ੍ਹਾ ਹੋਇਆ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਕਿ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਉਸ ਸੋਨੇ ਦੀ ਜਗਵੇਦੀ ਉੱਤੇ ਧੁਖਾਉਂਦਾ ਰਹੇ, ਜਿਹੜੀ ਸਿੰਘਾਸਣ ਦੇ ਅੱਗੇ ਹੈ । ੪ ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾਵਾਂ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ੁਰ ਦੇ ਹਜ਼ੂਰ ਪਹੁੰਚ ਗਿਆ । ੫ ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਵੇਦੀ ਦੀ ਕੁੱਝ ਅੱਗ ਉਸ ਵਿੱਚ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ ਤਦ ਬੱਦਲ ਦੀਆਂ ਗਰਜਾਂ ਅਤੇ ਅਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਭੂਚਾਲ ਆਇਆ !
ਸੱਤ ਤੁਰ੍ਹੀਆਂ
੬ ਫੇਰ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ, ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ ।
੭ ਪਹਿਲੇ ਦੂਤ ਨੇ ਤੁਰ੍ਹੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪਰਗਟ ਹੋਈ ਜੋ ਧਰਤੀ ਉੱਤੇ ਸੁੱਟੀ ਗਈ, ਤਦ ਧਰਤੀ ਦੀ ਇੱਕ ਤਿਹਾਈ ਅਤੇ ਰੁੱਖਾਂ ਦੀ ਇੱਕ ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ ।
੮ ਫੇਰ ਦੂਜੇ ਦੂਤ ਨੇ ਤੁਰ੍ਹੀ ਵਜਾਈ ਤਦ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦਾ ਇੱਕ ਤਿਹਾਈ ਲਹੂ ਬਣ ਗਿਆ । ੯ ਅਤੇ ਸਮੁੰਦਰ ਦੇ ਜਲ ਜੰਤੂਆਂ ਦਾ ਇੱਕ ਤਿਹਾਈ ਮਰ ਗਿਆ ਅਤੇ ਜਹਾਜ਼ਾਂ ਦਾ ਇੱਕ ਤਿਹਾਈ ਨਸ਼ਟ ਹੋ ਗਿਆ । ੧੦ ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸ਼ਾਲ ਵਾਗੂੰ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਜਾ ਪਿਆ । ੧੧ ਉਸ ਤਾਰੇ ਦਾ ਨਾਮ ਨਾਗਦੌਣਾ ਕਰਕੇ ਕਿਹਾ ਜਾਂਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦੌਣੇ ਜਿਹੀ ਹੋ ਗਈ ਅਤੇ ਉਹਨਾਂ ਪਾਣੀਆਂ ਦੇ ਕੌੜੇ ਹੋ ਜਾਣ ਕਾਰਨ ਬਹੁਤੇ ਮਨੁੱਖ ਮਰ ਗਏ ।
੧੨ ਫੇਰ ਚੌਥੇ ਦੂਤ ਨੇ ਤੁਰ੍ਹੀ ਵਜਾਈ ਤਾਂ ਸੂਰਜ, ਚੰਦਰਮਾ ਅਤੇ ਤਾਰਿਆਂ ਦਾ ਇੱਕ ਤਿਹਾਈ ਮਾਰਿਆ ਗਿਆ ਤਾਂ ਕਿ ਉਹਨਾਂ ਦੀ ਇੱਕ ਤਿਹਾਈ ਹਨ੍ਹੇਰਾ ਹੋ ਜਾਵੇ ਅਤੇ ਦਿਨ ਦੀ ਇੱਕ ਤਿਹਾਈ ਚਾਨਣ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਦੀ ਵੀ ।
੧੩ ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਅਤੇ ਵੱਡੀ ਅਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਏ ਹਾਏ ਧਰਤੀ ਦੇ ਵਾਸੀਆਂ ਨੂੰ ! ਉਹਨਾਂ ਤਿੰਨਾਂ ਦੂਤਾਂ ਦੀ ਤੁਰ੍ਹੀ ਦੀਆਂ ਰਹਿੰਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰ੍ਹੀ ਵਜਾਉਣੀ ਹੈ !