੧੨
ਔਰਤ ਅਤੇ ਅਜਗਰ
੧ ਸਵਰਗ ਉੱਤੇ ਇੱਕ ਵੱਡਾ ਨਿਸ਼ਾਨ ਦਿਖਾਈ ਦਿੱਤਾ ਅਰਥਾਤ ਇੱਕ ਔਰਤ ਜਿਹੜੀ ਸੂਰਜ ਪਹਿਨੀ ਹੋਈ ਸੀ, ਚੰਦਰਮਾ ਉਹ ਦੇ ਪੈਰਾਂ ਹੇਠ ਅਤੇ ਬਾਰਾਂ ਤਾਰਿਆਂ ਦਾ ਮੁਕਟ ਉਹ ਦੇ ਸਿਰ ਉੱਤੇ ਸੀ । ੨ ਉਹ ਗਰਭਵਤੀ ਸੀ ਅਤੇ ਜਣਨ ਦੀਆਂ ਪੀੜਾਂ ਲੱਗਣ ਕਰਕੇ ਚੀਕਾਂ ਮਾਰਦੀ ਸੀ । ੩ ਅਤੇ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਦਿਖਾਈ ਦਿੱਤਾ ਅਤੇ ਵੇਖੋ, ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਸ ਦੇ ਸੱਤ ਸਿਰ, ਦਸ ਸਿੰਗ ਸਨ ਅਤੇ ਉਹ ਦੇ ਸਿਰਾਂ ਉੱਤੇ ਸੱਤ ਮੁਕਟ । ੪ ਅਤੇ ਉਹ ਦੀ ਪੂੰਛ ਨੇ ਅਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਲਪੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ, ਅਤੇ ਉਹ ਅਜਗਰ ਉਸ ਔਰਤ ਦੇ ਅੱਗੇ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਲੱਗੀ ਸੀ ਜਾ ਖੜ੍ਹਾ ਹੋਇਆ, ਕਿ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਨਿਗਲ ਲਵੇ । ੫ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ, ਅਤੇ ਉਹ ਦਾ ਬਾਲਕ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ । ੬ ਅਤੇ ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ੁਰ ਦੀ ਵੱਲੋਂ ਇੱਕ ਥਾਂ ਉਹ ਦੇ ਲਈ ਤਿਆਰ ਕੀਤਾ ਹੋਇਆ ਹੈ ਤਾਂ ਕਿ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਉਹ ਦੀ ਦੇਖਭਾਲ ਹੋਵੇ ।
੭ ਫੇਰ ਸਵਰਗ ਵਿੱਚ ਯੁੱਧ ਹੋਇਆ । ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ, ਅਜਗਰ ਲੜਿਆ ਅਤੇ ਉਹ ਦੇ ਦੂਤ ਵੀ ਲੜੇ । ੮ ਪਰ ਅਜਗਰ ਅਤੇ ਉਸ ਦੇ ਦੂਤ ਹਾਰ ਗਏ ਅਤੇ ਉਹਨਾਂ ਨੂੰ ਸਵਰਗ ਵਿੱਚ ਫਿਰ ਥਾਂ ਨਹੀਂ ਮਿਲਿਆ । ੯ ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਸ ਨੂੰ ਇਬਲੀਸ ਅਤੇ ਸ਼ੈਤਾਨ ਵੀ ਕਿਹਾ ਜਾਂਦਾ ਹੈ ਜੋ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ, ਉਹ ਅਤੇ ਉਹ ਦੇ ਦੂਤ ਧਰਤੀ ਉੱਤੇ ਸੁੱਟੇ ਗਏ । ੧੦ ਅਤੇ ਮੈਂ ਇੱਕ ਵੱਡੀ ਅਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ ਕਿ ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ, ਸਮਰੱਥਾ, ਰਾਜ ਅਤੇ ਉਹ ਦੇ ਮਸੀਹ ਦਾ ਅਧਿਕਾਰ ਹੋ ਗਿਆ, ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਉਹਨਾਂ ਉੱਤੇ ਰਾਤ - ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ ! ੧੧ ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਸਮਝਿਆ । ੧੨ ਇਸ ਕਰਕੇ ਹੇ ਅਕਾਸ਼ੋਂ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ ! ਧਰਤੀ ਅਤੇ ਸਮੁੰਦਰ ਨੂੰ ਹਾਏ ! ਹਾਏ ! ਕਿਉਂਕਿ ਸ਼ੈਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ ।
੧੩ ਜਦੋਂ ਉਸ ਅਜਗਰ ਨੇ ਵੇਖਿਆ ਕਿ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ ਤਾਂ ਉਸ ਔਰਤ ਦੇ ਮਗਰ ਪਿਆ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ । ੧੪ ਅਤੇ ਔਰਤ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ ਤਾਂ ਕਿ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ, ਜਿੱਥੇ ਸੱਪ ਦੇ ਮੂੰਹੋਂ ਬਚ ਸਕੇ ਤਾਂ ਸਮੇਂ, ਸਮਿਆਂ ਅਤੇ ਅੱਧ ਸਮੇਂ ਤੱਕ ਉਹ ਦੀ ਦੇਖਭਾਲ ਹੁੰਦੀ ਹੈ । ੧੫ ਅਤੇ ਸੱਪ ਨੇ ਔਰਤ ਦੇ ਮਗਰ ਦਰਿਆ ਵਾਂਗੂੰ ਆਪਣੇ ਮੂੰਹੋਂ ਪਾਣੀ ਵਗਾਇਆ ਤਾਂ ਕਿ ਉਹ ਨੂੰ ਰੋੜ੍ਹ ਦੇਵੇ । ੧੬ ਤਾਂ ਧਰਤੀ ਨੇ ਔਰਤ ਦੀ ਸਹਾਇਤਾ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਦਰਿਆ ਨੂੰ ਪੀ ਲਿਆ, ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ । ੧੭ ਅਤੇ ਅਜਗਰ ਨੂੰ ਔਰਤ ਉੱਤੇ ਕ੍ਰੋਧ ਆਇਆ ਅਤੇ ਉਹ ਦੇ ਵੰਸ਼ ਵਿੱਚੋਂ ਜਿਹੜੇ ਬੱਚੇ ਹਨ, ਜਿਹੜੇ ਪਰਮੇਸ਼ੁਰ ਦੀਆਂ ਆਗਿਆਵਾਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਗਵਾਹੀ ਦਿੰਦੇ ਹਨ ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ । ੧੮ ਅਤੇ ਸਮੁੰਦਰ ਦੇ ਰੇਤੇ ਉੱਤੇ ਜਾ ਖਲੋਤਾ ।