ਪਰਮੇਸ਼ੁਰ ਦਾ ਨਿਆਂ
੧ ਸੋ ਹੇ ਦੋਸ਼ ਲਾਉਣ ਵਾਲੇ ਮਨੁੱਖ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਉੱਤਰ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ ਉੱਤੇ ਦੋਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ, ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਵੀ ਉਹ ਹੀ ਕੰਮ ਕਰਦਾ ਹੈਂ । ੨ ਅਸੀਂ ਜਾਣਦੇ ਹਾਂ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ੁਰ ਵੱਲੋਂ ਸਜ਼ਾ ਦਾ ਹੁਕਮ ਅਟੱਲ ਹੈ । ੩ ਫੇਰ ਹੇ ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਉਹੀ ਕੰਮ ਕਰਦਾ ਹੈਂ, ਭਲਾ, ਤੂੰ ਇਹ ਸਮਝਦਾ ਹੈਂ ਜੋ ਪਰਮੇਸ਼ੁਰ ਦੀ ਸਜ਼ਾ ਤੋਂ ਬਚ ਨਿੱਕਲੇਗਾ ? ੪ ਕੀ ਤੂੰ ਉਹ ਦੀ ਕਿਰਪਾ ਅਤੇ ਮਾਫ਼ੀ ਅਤੇ ਸਬਰ ਦੀ ਦੌਲਤ ਨੂੰ ਤੁੱਛ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ੁਰ ਦੀ ਕਿਰਪਾ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈ । ੫ ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕ੍ਰੋਧ ਅਤੇ ਸੱਚਾ ਨਿਆਂ ਪਰਗਟ ਹੋਵੇਗਾ, ਤੂੰ ਆਪਣੇ ਆਪ ਲਈ ਕ੍ਰੋਧ ਕਮਾ ਰਿਹਾ ਹੈਂ । ੬ ਉਹ ਹਰੇਕ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫਲ ਦੇਵੇਗਾ । ੭ ਜਿਹੜੇ ਭਲੇ ਕੰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਹਨ, ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ । ੮ ਪਰ ਜਿਹੜੇ ਵਿਦ੍ਰੋਹੀ ਹਨ ਅਤੇ ਸੱਚ ਨੂੰ ਨਹੀਂ ਮੰਨਦੇ ਸਗੋਂ ਝੂਠ ਨੂੰ ਮੰਨਦੇ ਹਨ, ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ । ੯ ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ, ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਉੱਤੇ । ੧੦ ਪਰ ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਅਤੇ ਫੇਰ ਯੂਨਾਨੀ ਨੂੰ । ੧੧ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਕਿਸੇ ਦਾ ਪੱਖਪਾਤ ਨਹੀਂ ਹੁੰਦਾ । ੧੨ ਕਿਉਂਕਿ ਜਿੰਨਿਆਂ ਨੇ ਬਿਨ੍ਹਾਂ ਬਿਵਸਥਾ ਦੇ ਪਾਪ ਕੀਤੇ ਸੋ ਬਿਨ੍ਹਾਂ ਬਿਵਸਥਾ ਦੇ ਨਾਸ ਵੀ ਹੋਣਗੇ ਅਤੇ ਜਿੰਨੀਆਂ ਨੇ ਬਿਵਸਥਾ ਦੇ ਹੁੰਦਿਆਂ ਹੋਇਆ ਪਾਪ ਕੀਤੇ ਸੋ ਬਿਵਸਥਾ ਦੇ ਅਨੁਸਾਰ ਹੀ ਉਨ੍ਹਾਂ ਦਾ ਨਿਆਂ ਹੋਵੇਗਾ । ੧੩ ਇਸ ਲਈ ਜੋ ਬਿਵਸਥਾ ਦੇ ਸੁਣਨ ਵਾਲੇ ਪਰਮੇਸ਼ੁਰ ਦੇ ਭਾਣੇ ਧਰਮੀ ਨਹੀਂ ਹੁੰਦੇ, ਪਰ ਬਿਵਸਥਾ ਤੇ ਚੱਲਣ ਵਾਲੇ ਧਰਮੀ ਠਹਿਰਾਏ ਜਾਣਗੇ । ੧੪ ਜਦ ਕਿ ਪਰਾਈਆਂ ਕੌਮਾਂ ਦੇ ਕੋਲ ਬਿਵਸਥਾ ਨਹੀਂ ਹੈ, ਪਰ ਉਹ ਆਪਣੇ ਸੁਭਾਓ ਤੋਂ ਹੀ ਬਿਵਸਥਾ ਦੇ ਕੰਮ ਕਰਦੀਆਂ ਹਨ, ਤਾਂ ਬਿਵਸਥਾ ਦੇ ਨਾ ਹੁੰਦਿਆਂ ਉਹ ਆਪਣੇ ਲਈ ਆਪ ਹੀ ਬਿਵਸਥਾ ਹਨ । ੧੫ ਸੋ ਉਹ ਬਿਵਸਥਾ ਦੇ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਉਂਦੀਆ ਹਨ, ਨਾਲੇ ਉਨ੍ਹਾਂ ਦਾ ਵਿਵੇਕ ਇਸ ਦੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਦੇ ਖ਼ਿਆਲ ਉਨ੍ਹਾਂ ਨੂੰ ਆਪੋ ਵਿੱਚੀ ਦੋਸ਼ੀ ਤੇ ਨਿਰਦੋਸ਼ੀ ਠਹਿਰਾਉਂਦੇ ਹਨ । ੧੬ ਉਸ ਦਿਨ ਵਿੱਚ ਪਰਮੇਸ਼ੁਰ ਮੇਰੀ ਖੁਸ਼ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ ।
ਯਹੂਦੀ ਅਤੇ ਬਿਵਸਥਾ
੧੭ ਪਰ ਜੇਕਰ ਤੂੰ ਯਹੂਦੀ ਅਖਵਾਉਂਦਾ ਅਤੇ ਬਿਵਸਥਾ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ੁਰ ਉੱਤੇ ਘਮੰਡ ਕਰਦਾ ੧੮ ਅਤੇ ਉਹ ਦੀ ਇੱਛਾ ਨੂੰ ਜਾਣਦਾ ਹੈਂ, ਅਤੇ ਬਿਵਸਥਾ ਦੀ ਸਿੱਖਿਆ ਲੈ ਕੇ ਚੰਗੀਆਂ-ਚੰਗੀਆਂ ਗੱਲਾਂ ਨੂੰ ਪਸੰਦ ਕਰਦਾ ਹੈਂ । ੧੯ ਅਤੇ ਤੈਨੂੰ ਵਿਸ਼ਵਾਸ ਹੈ ਕਿ ਮੈਂ ਅੰਨ੍ਹਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਹਨ੍ਹੇਰੇ ਵਿੱਚ ਹਨ ਉਹਨਾਂ ਦਾ ਚਾਨਣ ਹਾਂ ੨੦ ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅਤੇ ਸੱਚ ਦਾ ਸਰੂਪ ਜੋ ਬਿਵਸਥਾ ਵਿੱਚ ਹੈ ਮੇਰੇ ਕੋਲ ਹੈ । ੨੧ ਤਾਂ ਫੇਰ ਤੂੰ ਜੋ ਦੂਜੇ ਨੂੰ ਸਿਖਾਉਂਦਾ ਹੈਂ, ਕੀ ਉਹ ਆਪਣੇ ਆਪ ਨੂੰ ਨਹੀਂ ਸਿਖਾਉਂਦਾ ? ਤੂੰ ਜੋ ਉਪਦੇਸ਼ ਕਰਦਾ ਹੈਂ ਕਿ ਚੋਰੀ ਨਾ ਕਰ, ਫਿਰ ਤੂੰ ਆਪ ਕਿਉਂ ਚੋਰੀ ਕਰਦਾ ਹੈਂ ? ੨੨ ਤੂੰ ਜੋ ਆਖਦਾ ਹੈਂ ਕਿ, ਵਿਭਚਾਰ ਨਾ ਕਰਨਾ, ਫਿਰ ਤੂੰ ਆਪ ਕਿਉਂ ਵਿਭਚਾਰ ਕਰਦਾ ਹੈਂ ? ਤੂੰ ਜੋ ਮੂਰਤੀਆਂ ਤੋਂ ਨਫ਼ਰਤ ਕਰਦਾ ਹੈਂ, ਫਿਰ ਤੂੰ ਆਪ ਕਿਉਂ ਹੈਕਲਾਂ ਨੂੰ ਲੁੱਟਦਾ ਹੈਂ ? ੨੩ ਤੂੰ ਜੋ ਬਿਵਸਥਾ ਉੱਤੇ ਘਮੰਡ ਕਰਦਾ ਹੈਂ, ਫਿਰ ਤੂੰ ਕਿਉਂ ਬਿਵਸਥਾ ਦੀ ਉਲੰਘਣਾ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈਂ ? ੨੪ ਜਿਵੇਂ ਲਿਖਿਆ ਹੋਇਆ ਹੈ ਕਿ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ । ੨੫ ਸੁੰਨਤ ਤੋਂ ਤਾਂ ਲਾਭ ਹੈ, ਜੇ ਤੂੰ ਬਿਵਸਥਾ ਦੀ ਪਾਲਨਾ ਕਰੇਂ ਜੇ ਤੂੰ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੋਵੇਂ ਤਾਂ ਤੇਰੀ ਸੁੰਨਤ ਤੋਂ ਕੀ ਲਾਭ । ੨੬ ਉਪਰੰਤ ਜੇ ਅਸੁੰਨਤੀ ਲੋਕ ਬਿਵਸਥਾ ਦੀਆਂ ਬਿਧੀਆਂ ਦੀ ਪਾਲਨਾ ਕਰਨ, ਤਾਂ ਕੀ ਉਨ੍ਹਾਂ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ । ੨੭ ਅਤੇ ਜਿਹੜੇ ਸੁਭਾਓ ਤੋਂ ਅਸੁੰਨਤੀ ਹਨ ਜੇ ਉਹ ਬਿਵਸਥਾ ਨੂੰ ਪੂਰੀ ਕਰਨ ਤਾਂ ਕੀ ਉਹ ਤੈਨੂੰ ਜਿਹੜਾ ਲਿਖਤਾਂ ਅਤੇ ਸੁੰਨਤ ਦੇ ਹੁੰਦੇ ਹੋਇਆ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਹੈਂ, ਦੋਸ਼ੀ ਨਾ ਠਹਿਰਾਉਣਗੇ ? ੨੮ ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਲੋਕ ਦਿਖਾਵੇ ਲਈ ਹੈ, ਅਤੇ ਨਾ ਉਹ ਸੁੰਨਤ ਹੈ, ਜਿਹੜੀ ਮਾਸ ਦੀ ਵਿਖਾਵੇ ਲਈ ਹੈ । ੨੯ ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋਂ ਹੋਵੇ ਅਤੇ ਸੁੰਨਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ, ਨਾ ਲਿਖਤ ਵਿੱਚ ਜਿਸ ਦੀ ਸ਼ੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ ।