ਅਬਰਾਹਾਮ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਿਆ
੧ ਸੋ ਹੁਣ ਅਸੀਂ ਕੀ ਆਖੀਏ ਜੋ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਮਿਲਿਆ ? ੨ ਕਿਉਂਕਿ ਜੇ ਅਬਰਾਹਾਮ ਆਪਣੇ ਭਲੇ ਕੰਮਾਂ ਤੋਂ ਧਰਮੀ ਠਹਿਰਾਇਆ ਜਾਂਦਾ ਤਾਂ ਉਹ ਨੂੰ ਘਮੰਡ ਕਰਨ ਦੀ ਥਾਂ ਹੁੰਦੀ, ਪ੍ਰੰਤੂ ਪਰਮੇਸ਼ੁਰ ਦੇ ਅੱਗੇ ਨਹੀਂ । ੩ ਕਿਉਂ ਜੋ ਪਵਿੱਤਰ ਗ੍ਰੰਥ ਕੀ ਕਹਿੰਦਾ ਹੈ ? ਇਹ ਜੋ ਅਬਰਾਹਾਮ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ । ੪ ਹੁਣ ਜਿਹੜਾ ਕੰਮ ਕਰਦਾ ਹੈ ਉਸ ਦੀ ਮਜ਼ਦੂਰੀ ਬਖਸ਼ੀਸ਼ ਨਹੀਂ ਸਗੋਂ ਹੱਕ ਗਿਣੀ ਜਾਂਦੀ ਹੈ । ੫ ਪਰ ਜਿਹੜਾ ਕੰਮ ਨਾ ਕਰਕੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ । ੬ ਜਿਵੇਂ ਦਾਊਦ ਵੀ ਉਸ ਮਨੁੱਖ ਨੂੰ ਧੰਨ ਆਖਦਾ ਹੈ, ਜਿਹ ਨੂੰ ਪਰਮੇਸ਼ੁਰ ਕਰਮਾਂ ਦੇ ਬਿਨ੍ਹਾਂ ਧਰਮੀ ਠਹਿਰਾਉਂਦਾ ਹੈ । ੭ ਧੰਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ ਹਨ । ੮ ਧੰਨ ਹੈ ਉਹ ਮਨੁੱਖ ਜਿਸ ਦੇ ਪਾਪ ਪਰਮੇਸ਼ੁਰ ਨਾ ਗਿਣੇਗਾ ।
੯ ਫੇਰ ਇਹ ਧੰਨ ਹੋਣਾ, ਕੀ ਸੁੰਨਤੀਆਂ ਦੇ ਲਈ ਹੀ ਹੈ ਜਾਂ ਅਸੁੰਨਤੀਆਂ ਦੇ ਲਈ ਵੀ ਹੈ ? ਕਿਉਂ ਜੋ ਅਸੀਂ ਆਖਦੇ ਹਾਂ ਕਿ ਅਬਰਾਹਾਮ ਦੇ ਲਈ ਉਹ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਗਿਆ ਸੀ । ੧੦ ਫਿਰ ਕਿਸ ਹਾਲ ਵਿੱਚ ਗਿਣਿਆ ਗਿਆ ਸੀ ? ਜਦੋਂ ਸੁੰਨਤੀ ਸੀ ਜਾਂ ਅਸੁੰਨਤੀ ਸੀ ? ਸੁੰਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੁੰਨਤ ਦੇ ਹਾਲ ਵਿੱਚ ਸੀ । ੧੧ ਅਤੇ ਉਹ ਨੇ ਸੁੰਨਤ ਦੀ ਨਿਸ਼ਾਨੀ ਪਾਈ ਕਿ ਇਹ ਉਸ ਧਾਰਮਿਕਤਾ ਦੀ ਮੋਹਰ ਹੋਵੇ ਜਿਹੜੀ ਅਸੁੰਨਤ ਦੇ ਹਾਲ ਵਿੱਚ ਉਹ ਦੇ ਵਿਸ਼ਵਾਸ ਤੋਂ ਹੋਈ ਸੀ, ਤਾਂ ਜੋ ਉਨ੍ਹਾਂ ਸਾਰਿਆਂ ਦਾ ਪਿਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ ਭਾਵੇਂ ਅਸੁੰਨਤੀ ਹੋਣ ਇਸ ਲਈ ਜੋ ਉਹਨਾਂ ਲਈ ਧਾਰਮਿਕਤਾ ਗਿਣੀ ਜਾਵੇ । ੧੨ ਅਤੇ ਸੁੰਨਤੀਆਂ ਦਾ ਵੀ ਪਿਤਾ ਹੋਵੇ, ਨਾ ਉਹਨਾਂ ਦਾ ਜੋ ਕੇਵਲ ਸੁੰਨਤੀ ਹਨ ਸਗੋਂ ਉਹਨਾਂ ਦਾ ਜੋ ਸਾਡੇ ਪਿਤਾ ਅਬਰਾਹਾਮ ਦੇ ਵਾਂਗੂੰ ਉਸ ਵਿਸ਼ਵਾਸ ਦੀ ਚਾਲ ਚੱਲਦੇ ਹਨ, ਜੋ ਉਸ ਨੇ ਨੇ ਅਸੁੰਨਤ ਦੇ ਹਾਲ ਵਿੱਚ ਕੀਤਾ ਸੀ ।
ਵਿਸ਼ਵਾਸ ਦੁਆਰਾ ਵਾਅਦੇ ਨੂੰ ਪ੍ਰਾਪਤ ਕਰਨਾ
੧੩ ਕਿਉਂ ਜੋ ਉਹ ਵਾਇਦਾ ਕਿ ਤੂੰ ਸੰਸਾਰ ਦਾ ਵਾਰਿਸ ਹੋਵੇਂਗਾ ਅਬਰਾਹਾਮ ਅਤੇ ਉਹ ਦੀ ਅੰਸ ਨਾਲ ਬਿਵਸਥਾ ਦੇ ਰਾਹੀਂ ਨਹੀਂ ਸੀ ਹੋਇਆ ਸਗੋਂ ਉਸ ਧਾਰਮਿਕਤਾ ਦੇ ਰਾਹੀਂ ਹੋਇਆ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ । ੧੪ ਪਰ ਜੇ ਬਿਵਸਥਾ ਵਾਲੇ ਵਾਰਿਸ ਹਨ ਤਾਂ ਵਿਸ਼ਵਾਸ ਨਿਸ਼ਫਲ ਅਤੇ ਉਹ ਵਾਇਦਾ ਵਿਅਰਥ ਹੋਇਆ । ੧੫ ਕਿਉਂ ਜੋ ਬਿਵਸਥਾ ਕ੍ਰੋਧ ਦਾ ਕਾਰਨ ਹੁੰਦੀ ਹੈ ਪਰ ਜਿੱਥੇ ਬਿਵਸਥਾ ਨਹੀਂ ਉੱਥੇ ਉਲੰਘਣਾ ਵੀ ਨਹੀਂ । ੧੬ ਇਸ ਕਾਰਨ ਉਹ ਵਿਸ਼ਵਾਸ ਤੋਂ ਹੋਇਆ ਤਾਂ ਜੋ ਕਿਰਪਾ ਦੇ ਅਨੁਸਾਰ ਠਹਿਰੇ ਇਸ ਲਈ ਜੋ ਵਾਇਦਾ ਸਾਰੀ ਅੰਸ ਦੇ ਲਈ ਪੱਕਾ ਰਹੇ, ਕੇਵਲ ਉਸ ਅੰਸ ਦੇ ਲਈ ਨਹੀਂ ਜਿਹੜੀ ਬਿਵਸਥਾ ਵਾਲੀ ਹੈ ਪ੍ਰੰਤੂ ਉਹ ਦੇ ਲਈ ਵੀ ਜੋ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੀ ਹੈ, ਉਹ ਸਾਡੇ ਸਭ ਦਾ ਪਿਤਾ ਹੈ, ੧੭ ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ ਅਰਥਾਤ ਉਸ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜਿਸ ਉੱਤੇ ਉਸ ਨੇ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਅਤੇ ਉਹਨਾਂ ਅਣਹੋਈਆਂ ਵਸਤਾਂ ਨੂੰ ਇਸ ਤਰ੍ਹਾਂ ਬੁਲਾਉਂਦਾ ਹੈ, ਜਿਵੇਂ ਉਹ ਉਸ ਦੇ ਸਾਹਮਣੇ ਹਨ । ੧੮ ਨਿਰਾਸ਼ਾ ਵਿੱਚ ਆਸ ਨਾਲ ਉਸ ਨੇ ਵਿਸ਼ਵਾਸ ਕੀਤਾ ਕਿ ਉਸ ਬਚਨ ਦੇ ਅਨੁਸਾਰ ਕਿ ਤੇਰੀ ਅੰਸ ਇਉਂ ਹੋਵੇਗੀ ਕਿ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਗਾ । ੧੯ ਅਤੇ ਵਿਸ਼ਵਾਸ ਵਿੱਚ ਉਹ ਕਮਜ਼ੋਰ ਨਾ ਹੋਇਆ ਭਾਵੇਂ ਉਹ ਸੌ ਸਾਲ ਦਾ ਹੋ ਗਿਆ ਸੀ ਜਦੋਂ ਉਸ ਨੇ ਧਿਆਨ ਕੀਤਾ ਕਿ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਨਾਲੇ ਸਾਰਾਹ ਦੀ ਕੁੱਖ ਨੂੰ ਵੀ ਸੋਕਾ ਲੱਗ ਗਿਆ ਹੈ । ੨੦ ਪ੍ਰੰਤੂ ਪਰਮੇਸ਼ੁਰ ਦੇ ਵਾਇਦੇ ਉੱਤੇ ਉਸ ਨੇ ਅਵਿਸ਼ਵਾਸ ਕਰਕੇ ਸ਼ੱਕ ਨਾ ਕੀਤਾ ਸਗੋਂ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ । ੨੧ ਅਤੇ ਉਸ ਨੂੰ ਪੱਕਾ ਭਰੋਸਾ ਸੀ ਕਿ ਜਿਹ ਦਾ ਉਸ ਨੇ ਵਾਇਦਾ ਕੀਤਾ ਉਸ ਨੂੰ ਪੂਰਾ ਕਰਨ ਵਿੱਚ ਵੀ ਉਹੋ ਸਮਰੱਥੀ ਹੈ । ੨੨ ਇਸੇ ਕਰਕੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ ।
੨੩ ਇਹ ਗੱਲ ਜੋ ਉਹ ਦੇ ਲਈ ਗਿਣੀ ਗਈ, ਸਿਰਫ਼ ਉਸੇ ਦੇ ਲਈ ਨਹੀਂ ਲਿਖੀ ਗਈ । ੨੪ ਸਗੋਂ ਸਾਡੇ ਲਈ ਵੀ ਜਿਨ੍ਹਾਂ ਦੇ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਸਾਡੇ ਲਈ ਜਿਹੜੇ ਉਸ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ । ੨੫ ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ ।