ਪਰਮੇਸ਼ੁਰ ਦੇ ਨਾਲ ਮੇਲ
੧ ਸੋ ਜਦੋਂ ਅਸੀਂ ਵਿਸ਼ਵਾਸ ਦੇ ਦੁਆਰਾ ਧਰਮੀ ਠਹਿਰਾਏ ਗਏ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਨਾਲ ਮੇਲ ਰੱਖੀਏ । ੨ ਜਿਸ ਦੇ ਰਾਹੀਂ ਅਸੀਂ ਵੀ ਵਿਸ਼ਵਾਸ ਦੇ ਦੁਆਰਾ ਉਸ ਕਿਰਪਾ ਤੱਕ ਪਹੁੰਚੇ ਜਿਹ ਦੇ ਵਿੱਚ ਅਸੀਂ ਖੜੇ ਹਾਂ, ਤਾਂ ਜੋ ਪਰਮੇਸ਼ੁਰ ਦੀ ਮਹਿਮਾ ਦੀ ਆਸ ਉੱਤੇ ਘਮੰਡ ਕਰੀਏ । ੩ ਕੇਵਲ ਇਹੋ ਨਹੀਂ ਸਗੋਂ ਬਿਪਤਾ ਵਿੱਚ ਵੀ ਘਮੰਡ ਕਰੀਏ ਕਿਉਂ ਜੋ ਇਹ ਜਾਣਦੇ ਹਾਂ ਕਿ ਬਿਪਤਾ ਧੀਰਜ ਪੈਦਾ ਕਰਦੀ ਹੈ । ੪ ਅਤੇ ਧੀਰਜ ਤੋਂ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ । ੫ ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ ਇਸ ਲਈ ਜੋ ਪਰਮੇਸ਼ੁਰ ਦਾ ਪਿਆਰ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ । ੬ ਜਦੋਂ ਅਸੀਂ ਨਿਰਬਲ ਹੀ ਸੀ, ਤਦੋਂ ਮਸੀਹ ਸਮੇਂ ਸਿਰ ਪਾਪੀਆਂ ਦੇ ਲਈ ਮਰਿਆ । ੭ ਇਹ ਗੱਲ ਤਾਂ ਔਖੀ ਹੈ ਜੋ ਧਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ । ੮ ਪ੍ਰੰਤੂ ਪਰਮੇਸ਼ੁਰ ਆਪਣਾ ਪਿਆਰ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ, ਕਿ ਜਦੋਂ ਅਸੀਂ ਪਾਪੀ ਹੀ ਸੀ, ਤਾਂ ਮਸੀਹ ਸਾਡੇ ਲਈ ਮਰਿਆ । ੯ ਸੋ ਜਦੋਂ ਅਸੀਂ ਹੁਣ ਉਹ ਦੇ ਲਹੂ ਦੇ ਵਸੀਲੇ ਨਾਲ ਧਰਮੀ ਠਹਿਰਾਏ ਗਏ, ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹ ਦੇ ਰਾਹੀਂ ਉਸ ਕ੍ਰੋਧ ਤੋਂ ਬਚਾਏ ਜਾਂਵਾਂਗੇ । ੧੦ ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹ ਦੇ ਜੀਵਨ ਦੇ ਦੁਆਰਾ ਬਚ ਜਾਂਵਾਂਗੇ । ੧੧ ਅਤੇ ਕੇਵਲ ਇਹੋ ਨਹੀਂ ਸਗੋਂ ਅਸੀਂ ਪਰਮੇਸ਼ੁਰ ਉੱਤੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਅਭਮਾਨ ਕਰਦੇ ਹਾਂ ।
ਆਦਮ ਦੁਆਰਾ ਮੌਤ - ਮਸੀਹ ਦੁਆਰਾ ਜੀਵਨ
੧੨ ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂ ਜੋ ਸਭਨਾਂ ਨੇ ਪਾਪ ਕੀਤਾ । ੧੩ ਬਿਵਸਥਾ ਦੇ ਸਮੇਂ ਤੱਕ ਪਾਪ ਤਾਂ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ । ੧੪ ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਉਨ੍ਹਾਂ ਉੱਤੇ ਵੀ ਰਾਜ ਕੀਤਾ ਜਿਨ੍ਹਾਂ ਨੇ ਆਦਮ ਦੀ ਅਣ-ਆਗਿਆਕਾਰੀ ਵਰਗਾ ਪਾਪ ਨਹੀਂ ਸੀ ਕੀਤਾ, ਜੋ ਆਉਣ ਵਾਲੇ ਆਦਮ ਦਾ ਨਮੂਨਾ ਹੈ । ੧੫ ਪਰ ਇਸ ਤਰ੍ਹਾਂ ਨਹੀਂ ਕਿ ਜਿਹੋ ਜਿਹਾ ਅਪਰਾਧ ਹੋਇਆ ਉਹੋ ਜਿਹੀ ਦਾਤ ਵੀ ਹੋਈ, ਕਿਉਂਕਿ ਜਦ ਇੱਕ ਮਨੁੱਖ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ੁਰ ਦੀ ਕਿਰਪਾ ਅਤੇ ਉਹ ਦਾਤ ਜਿਹੜੀ ਇੱਕੋ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦੇ ਕਾਰਨ ਸੀ ਬਹੁਤਿਆਂ ਲੋਕਾਂ ਲਈ ਬਹੁਤੀ ਪ੍ਰਗਟ ਹੋਈ । ੧੬ ਅਤੇ ਜਿਵੇਂ ਇੱਕ ਮਨੁੱਖ ਦੇ ਪਾਪ ਦੇ ਕਾਰਨ ਫਲ ਹੋਇਆ, ਤਿਵੇਂ ਹੀ ਵਰਦਾਨ ਦਾ ਹਾਲ ਨਹੀਂ, ਸਗੋਂ ਇੱਕ ਜਣੇ ਦੇ ਉੱਤੇ ਨਿਆਂ ਨੇ ਸਜ਼ਾ ਦਾ ਹੁਕਮ ਲਿਆਂਦਾ, ਪਰ ਕਿਰਪਾ ਦੇ ਕਾਰਨ ਬਹੁਤ ਸਾਰੇ ਅਪਰਾਧਾਂ ਤੋਂ ਦਾਤ ਨੇ ਧਾਰਮਿਕਤਾ ਨੂੰ ਲਿਆਉਂਦਾ l ੧੭ ਜਦੋਂ ਉਸ ਨੇ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧੀਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਾਰਮਿਕਤਾ ਦੀ ਦਾਤ ਬਹੁਤੀ ਮਿਲੀ ਹੈ ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ । ੧੮ ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਾਰਿਆਂ ਮਨੁੱਖਾਂ ਉੱਤੇ ਦੋਸ਼ ਲੱਗਾ ਤਿਵੇਂ ਹੀ ਧਾਰਮਿਕਤਾ ਦੇ ਇੱਕ ਕੰਮ ਦੇ ਕਾਰਨ ਸਭਨਾਂ ਮਨੁੱਖਾਂ ਲਈ ਮਾਫ਼ੀ ਅਤੇ ਜੀਵਨ ਮਿਲਿਆ । ੧੯ ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਣ-ਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ ਤਿਵੇਂ ਹੀ ਇਸ ਇੱਕ ਦੀ ਆਗਿਆਕਾਰੀ ਦੇ ਕਾਰਨ ਵੀ ਬਹੁਤ ਧਰਮੀ ਠਹਿਰਾਏ ਜਾਣਗੇ । ੨੦ ਅਤੇ ਬਿਵਸਥਾ ਵਿਚਕਾਰ ਆ ਗਈ ਕਿ ਅਪਰਾਧ ਬਹੁਤ ਹੋਵੇ ਪਰ ਜਿੱਥੇ ਪਾਪ ਬਹੁਤਾ ਹੋਇਆ ਉੱਥੇ ਕਿਰਪਾ ਵੀ ਬਹੁਤ ਜ਼ਿਆਦਾ ਹੋਈ । ੨੧ ਇਸ ਲਈ ਕਿ ਜਿਵੇਂ ਪਾਪ ਨੇ ਮੌਤ ਫੈਲਾਉਂਦੇ ਦੇ ਹੋਏ ਰਾਜ ਕੀਤਾ, ਤਿਵੇਂ ਕਿਰਪਾ ਨੇ ਵੀ ਯਿਸੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਾਰਮਿਕਤਾ ਦੇ ਰਾਹੀਂ ਰਾਜ ਕੀਤਾ ।