੧੧
ਇਸਰਾਏਲ ਉੱਤੇ ਪਰਮੇਸ਼ੁਰ ਦੀ ਦਯਾ
੧ ਸੋ ਮੈਂ ਕਹਿੰਦਾ ਹਾਂ, ਕੀ ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਛੱਡ ਦਿੱਤਾ ? ਕਦੇ ਨਹੀਂ ! ਮੈਂ ਵੀ ਤਾਂ ਇਸਰਾਏਲੀ ਹਾਂ, ਅਬਰਾਹਾਮ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਹਾਂ । ੨ ਪਰਮੇਸ਼ੁਰ ਨੇ ਆਪਣੀ ਉਸ ਪਰਜਾ ਨੂੰ ਨਹੀਂ ਛੱਡਿਆ ਜਿਹ ਨੂੰ ਉਸ ਨੇ ਪਹਿਲਾਂ ਹੀ ਜਾਣਿਆ ਸੀ । ਭਲਾ, ਤੁਸੀਂ ਇਹ ਨਹੀਂ ਜਾਣਦੇ ਕਿ ਪਵਿੱਤਰ ਗ੍ਰੰਥ ਏਲੀਯਾਹ ਦੀ ਕਥਾ ਵਿੱਚ ਕੀ ਕਹਿੰਦਾ ਹੈ, ਕਿ ਉਹ ਪਰਮੇਸ਼ੁਰ ਦੇ ਅੱਗੇ ਇਸਰਾਏਲ ਦੇ ਵਿਰੁੱਧ ਕਿਸ ਤਰ੍ਹਾਂ ਫ਼ਰਿਆਦ ਕਰਦਾ ਹੈ ? ੩ ਕਿ ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ, ਅਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਹੁਣ ਮੈਂ ਹੀ ਇਕੱਲਾ ਰਹਿ ਗਿਆ ਹਾਂ ਅਤੇ ਉਹ ਮੇਰੀ ਜਾਨ ਦੇ ਵੀ ਖੋਜੀ ਹਨ । ੪ ਪਰ ਪਰਮੇਸ਼ੁਰ ਨੇ ਉਸ ਨੂੰ ਕੀ ਉੱਤਰ ਦਿੱਤਾ ? ਇਹ, ਕੀ ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖਾਂ ਨੂੰ ਰੱਖ ਛੱਡਿਆ ਹੈ ਜਿਨ੍ਹਾਂ ਨੇ ਬਆਲ ਦੇ ਅੱਗੇ ਗੋਡੇ ਨਹੀਂ ਟੇਕੇ । ੫ ਇਸੇ ਤਰ੍ਹਾਂ ਹੁਣ ਵੀ ਕਿਰਪਾ ਨਾਲ ਚੁਣੇ ਹੋਏ ਕਿੰਨੇ ਹੀ ਲੋਕ ਬਾਕੀ ਹਨ । ੬ ਪਰ ਇਹ ਜੋ ਕਿਰਪਾ ਤੋਂ ਹੋਇਆ ਤਾਂ ਫੇਰ ਕਰਮਾਂ ਤੋਂ ਨਹੀਂ । ਨਹੀਂ ਤਾਂ ਕਿਰਪਾ ਫੇਰ ਕਿਰਪਾ ਨਾ ਰਹੀ । ੭ ਤਾਂ ਫੇਰ ਕੀ ਨਤੀਜਾ ਨਿੱਕਲਿਆ ? ਇਹ ਕਿ ਜਿਸ ਗੱਲ ਦੀ ਇਸਰਾਏਲ ਖ਼ੋਜ ਵਿੱਚ ਸੀ, ਸੋ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ, ਅਤੇ ਬਾਕੀ ਦੇ ਲੋਕਾਂ ਦੇ ਮਨ ਪੱਥਰ ਕੀਤੇ ਗਏ । ੮ ਜਿਵੇਂ ਲਿਖਿਆ ਹੋਇਆ ਹੈ, ਕਿ ਪਰਮੇਸ਼ੁਰ ਨੇ ਅੱਜ ਦੇ ਦਿਨ ਤੱਕ ਉਹਨਾਂ ਨੂੰ ਸੁਸਤ ਤਬੀਅਤ ਦਿੱਤੀ, ਅਤੇ ਉਨ੍ਹਾ ਨੂੰ ਅਜਿਹੀਆਂ ਅੱਖਾਂ ਦਿੱਤੀਆਂ ਜੋ ਨਾ ਵੇਖਣ ਅਤੇ ਅਜਿਹੇ ਕੰਨ ਦਿੱਤੇ ਜੋ ਨਾ ਸੁਣਨ । ੯ ਅਤੇ ਦਾਊਦ ਕਹਿੰਦਾ ਹੈ, ਉਹਨਾਂ ਦੀ ਮੇਜ਼ ਉਨ੍ਹਾਂ ਲਈ ਫ਼ਾਹੀ ਅਤੇ ਫੰਦਾ, ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ । ੧੦ ਉਹਨਾਂ ਦੀਆਂ ਅੱਖਾਂ ਉੱਤੇ ਹਨ੍ਹੇਰਾ ਛਾ ਜਾਵੇ ਤਾਂ ਜੋ ਉਹ ਨਾ ਵੇਖਣ, ਅਤੇ ਉਹਨਾਂ ਦੀ ਕਮਰ ਸਦਾ ਤੱਕ ਝੁਕਾਈ ਰੱਖ !
੧੧ ਸੋ ਮੈਂ ਆਖਦਾ ਹਾਂ, ਭਲਾ ਉਹਨਾਂ ਨੇ ਇਸ ਲਈ ਠੋਕਰ ਖਾਧੀ ਕਿ ਡਿੱਗ ਪੈਣ ? ਕਦੇ ਨਹੀਂ ! ਸਗੋਂ ਉਹਨਾਂ ਦੀ ਭੁੱਲ ਦੇ ਕਾਰਨ ਪਰਾਈਆਂ ਕੌਮਾਂ ਨੂੰ ਮੁਕਤੀ ਪ੍ਰਾਪਤ ਹੋਈ ਕਿ ਉਹਨਾਂ ਦੀ ਅਣਖ ਨੂੰ ਜਗਾਵੇ । ੧੨ ਜੇ ਉਹਨਾਂ ਦੀ ਭੁੱਲ ਸੰਸਾਰ ਦਾ ਧਨ ਅਤੇ ਉਹਨਾਂ ਦਾ ਘਾਟਾ, ਪਰਾਈਆਂ ਕੌਮਾਂ ਦੇ ਲਈ ਧਨ ਦਾ ਕਾਰਨ ਹੋਇਆ ਤਾਂ ਉਹਨਾਂ ਦੀ ਭਰਪੂਰੀ ਕੀ ਕੁੱਝ ਨਾ ਹੋਵੇਗੀ ।
ਪਰਾਈਆਂ ਕੌਮਾਂ ਵਾਲਿਆਂ ਦੀ ਮੁਕਤੀ: ਪੇਉਂਦ ਚੜਾਉਣ ਦਾ ਉਦਾਹਰਣ
੧੩ ਮੈਂ ਗ਼ੈਰ-ਕੌਮ ਵਾਲਿਆਂ ਨਾਲ ਬੋਲਦਾ ਹਾਂ । ਅਤੇ ਮੈਂ ਜੋ ਪਰਾਈਆਂ ਕੌਮਾਂ ਦਾ ਰਸੂਲ ਹਾਂ, ਮੈਂ ਆਪਣੀ ਸੇਵਾ ਦੀ ਵਡਿਆਈ ਕਰਦਾ ਹਾਂ । ੧੪ ਜੋ ਮੈਂ ਕਿਵੇਂ ਆਪਣੀ ਕੌਮ ਨੂੰ ਅਣਖੀ ਬਣਾਂਵਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਬਚਾਂਵਾ । ੧੫ ਕਿਉਂਕਿ ਜੇ ਉਹਨਾਂ ਦਾ ਰੱਦਣਾ ਸੰਸਾਰ ਦਾ ਮੇਲ-ਮਿਲਾਪ ਹੋਇਆ ਤਾਂ ਉਹਨਾਂ ਦਾ ਕਬੂਲ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਿਨ੍ਹਾਂ ਹੋਰ ਕੀ ਹੋਵੇਗਾ । ੧੬ ਅਤੇ ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਆਟਾ ਵੀ ਪਵਿੱਤਰ ਹੋਵੇਗਾ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਟਹਿਣੀਆਂ ਵੀ ਪਵਿੱਤਰ ਹੋਣਗੀਆਂ । ੧੭ ਪਰ ਜੇ ਟਹਿਣੀਆਂ ਵਿੱਚੋਂ ਕੁੱਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜੋ ਜੰਗਲੀ ਜ਼ੈਤੂਨ ਸੀ, ਉਹਨਾਂ ਦੀ ਥਾਂ ਪੇਉਂਦ ਕੀਤਾ ਗਿਆ, ਅਤੇ ਜ਼ੈਤੂਨ ਦੀ ਜੜ੍ਹ ਦੇ ਰਸ ਦਾ ਸਾਂਝੀ ਹੋਇਆ ਹੈਂ । ੧੮ ਤਾਂ ਉਨ੍ਹਾਂ ਟਹਿਣੀਆਂ ਉੱਤੇ ਘਮੰਡ ਨਾ ਕਰ ਅਤੇ ਭਾਵੇਂ ਤੂੰ ਘਮੰਡ ਕਰੇਂ ਤਾਂ ਵੀ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ ਪਰ ਜੜ੍ਹ ਤੈਨੂੰ ਸੰਭਾਲਦੀ ਹੈ । ੧੯ ਫੇਰ ਤੂੰ ਇਹ ਆਖੇਂਗਾ, ਕਿ ਟਹਿਣੀਆਂ ਇਸ ਲਈ ਤੋੜੀਆਂ ਗਈਆਂ ਜੋ ਮੈਂ ਪੇਉਂਦ ਕੀਤਾ ਜਾਂਵਾਂ । ੨੦ ਅੱਛਾ, ਉਹ ਤਾਂ ਅਵਿਸ਼ਵਾਸ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ । ਇਸ ਲਈ ਅਭਮਾਨ ਨਾ ਕਰ ਸਗੋਂ ਡਰ । ੨੧ ਕਿਉਂਕਿ ਜਦੋਂ ਪਰਮੇਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ । ੨੨ ਸੋ ਪਰਮੇਸ਼ੁਰ ਦੀ ਦਿਆਲਗੀ ਅਤੇ ਸਖਤੀ ਨੂੰ ਵੇਖ । ਸਖਤੀ ਉਹਨਾਂ ਉੱਤੇ ਜਿਹੜੇ ਡਿੱਗ ਪਏ ਹਨ, ਪਰ ਪਰਮੇਸ਼ੁਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇ । ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ । ੨੩ ਅਤੇ ਉਹ ਵੀ ਜੇ ਅਵਿਸ਼ਵਾਸ ਵਿੱਚ ਟਿਕੇ ਨਾ ਰਹਿਣ ਤਾਂ ਪੇਉਂਦ ਕੀਤੇ ਜਾਣਗੇ, ਕਿਉਂ ਜੋ ਪਰਮੇਸ਼ੁਰ ਨੂੰ ਅਧਿਕਾਰ ਹੈ, ਕਿ ਉਨ੍ਹਾਂ ਨੂੰ ਫੇਰ ਪੇਉਂਦ ਕਰੇ । ੨੪ ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਡਿਆ ਗਿਆ, ਜੋ ਅਸਲ ਵਿੱਚ ਜੰਗਲੀ ਹੈਂ, ਅਤੇ ਸੁਭਾਓ ਦੇ ਵਿਰੁੱਧ ਚੰਗੇ ਜ਼ੈਤੂਨ, ਦੇ ਰੁੱਖ ਵਿੱਚ ਪੇਉਂਦ ਕੀਤਾ ਗਿਆ, ਤਾਂ ਇਹ ਜੋ ਅਸਲੀ ਟਹਿਣੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਵਿੱਚ ਕਿੰਨ੍ਹਾਂ ਵੱਧ ਕੇ ਪੇਉਂਦ ਨਾ ਕੀਤੀਆਂ ਜਾਣਗੀਆਂ ।
ਸਾਰੇ ਇਸਰਾਏਲ ਦੀ ਮੁਕਤੀ
੨੫ ਹੁਣ ਹੇ ਭਰਾਵੋ, ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਆਪਣੀ ਜਾਂਚ ਵਿੱਚ ਸਿਆਣੇ ਬਣ ਬੈਠੋਂ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਸ ਭੇਤ ਤੋਂ ਅਣਜਾਣ ਨਾ ਰਹੋ, ਕਿਉਂ ਜੋ ਕੁੱਝ ਕਠੋਰਤਾ ਇਸਰਾਏਲ ਉੱਤੇ ਆਣ ਪਈ ਅਤੇ ਪਈ ਰਹੇਗੀ ਜਿੰਨਾਂ ਚਿਰ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਲਵੇ । ੨੬ ਅਤੇ ਇਸੇ ਤਰ੍ਹਾਂ ਇਸਰਾਏਲ ਬਚ ਜਾਵੇਗਾ ਜਿਵੇਂ ਲਿਖਿਆ ਹੋਇਆ ਹੈ, ਇਸਰਾਏਲ ਦਾ ਛੁਡਾਉਣ ਵਾਲਾ ਸੀਯੋਨ ਤੋਂ ਨਿੱਕਲੇਗਾ, ਉਹ ਯਾਕੂਬ ਵਿੱਚੋਂ ਅਭਗਤੀ ਨੂੰ ਦੂਰ ਕਰੇਗਾ, ੨੭ ਅਤੇ ਉਹਨਾਂ ਦੇ ਨਾਲ ਮੇਰਾ ਇਹ ਨੇਮ ਹੋਵੇਗਾ, ਜੋ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰ ਦੇਵਾਂਗਾ ।
੨੮ ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸ਼ੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ । ੨੯ ਕਿਉਂ ਜੋ ਪਰਮੇਸ਼ੁਰ ਦੇ ਵਰਦਾਨ ਅਤੇ ਬੁਲਾਹਟ ਸਦਾ ਲਈ ਹੈ । ੩੦ ਜਿਸ ਪ੍ਰਕਾਰ ਤੁਸੀਂ ਪਹਿਲਾਂ ਪਰਮੇਸ਼ੁਰ ਦੇ ਅਣ-ਆਗਿਆਕਾਰ ਸੀ, ਪਰ ਹੁਣ ਉਨ੍ਹਾਂ ਦੀ ਅਣ-ਆਗਿਆਕਾਰੀ ਦੇ ਕਾਰਨ ਤੁਹਾਡੇ ਉੱਤੇ ਦਯਾ ਕੀਤੀ ਗਈ । ੩੧ ਇਸੇ ਪਰਕਾਰ ਹੁਣ ਇਹ ਵੀ ਅਣ-ਆਗਿਆਕਾਰ ਹੋਏ ਤਾਂ ਜੋ ਤੁਹਾਡੇ ਉੱਤੇ ਜੋ ਦਯਾ ਕੀਤੀ ਗਈ ਹੈ, ਇਸ ਕਰਕੇ ਉਹਨਾਂ ਉੱਤੇ ਵੀ ਦਯਾ ਕੀਤੀ ਜਾਵੇ । ੩੨ ਸੋ ਪਰਮੇਸ਼ੁਰ ਨੇ ਸਾਰਿਆਂ ਨੂੰ ਇੱਕ ਸੰਗ ਕਰਕੇ ਅਣ-ਆਗਿਆਕਾਰੀ ਦੇ ਬੰਧਨ ਵਿੱਚ ਜਾਣ ਦਿੱਤਾ ਤਾਂ ਜੋ ਉਹ ਸਭ ਦੇ ਉੱਤੇ ਦਯਾ ਕਰੇ ।
ਪਰਮੇਸ਼ੁਰ ਦੀ ਸਤੂਤੀ
੩੩ ਵਾਹ, ਪਰਮੇਸ਼ੁਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕਿੰਨਾਂ ਡੂੰਘਾ ਹੈ ! ਉਹ ਦੇ ਨਿਆਂ ਕਿੰਨੇ ਅਣ-ਦੇਖੇ ਹਨ ਅਤੇ ਉਹ ਦੇ ਰਾਹ ਕਿੰਨੇ ਦੁਰਲੱਭ ਹਨ ! ੩੪ ਪ੍ਰਭੂ ਦੀ ਬੁੱਧੀ ਨੂੰ ਕਿਸ ਨੇ ਜਾਣਿਆ, ਜਾ ਕੌਣ ਉਹ ਦਾ ਸਲਾਹਕਾਰ ਬਣਿਆ ? ੩੫ ਜਾਂ ਕਿਸ ਨੇ ਉਹ ਨੂੰ ਪਹਿਲਾਂ ਕੁੱਝ ਦਿੱਤਾ, ਜਿਹ ਦਾ ਉਹ ਨੂੰ ਮੁੜ ਬਦਲਾ ਦਿੱਤਾ ਜਾਵੇ ? । ੩੬ ਕਿਉਂ ਜੋ ਉਸ ਤੋਂ ਅਤੇ ਉਸੇ ਦੇ ਵਸੀਲੇ ਨਾਲ ਅਤੇ ਉਸੇ ਦੇ ਲਈ, ਸਾਰੀਆਂ ਵਸਤਾਂ ਹੋਈਆਂ ਹਨ । ਉਸ ਦੀ ਵਡਿਆਈ ਜੁੱਗੋ-ਜੁੱਗ ਹੋਵੇ । ਆਮੀਨ ।