੧੪
ਆਪਣੇ ਭਰਾ ਉੱਤੇ ਦੋਸ਼ ਨਾ ਲਾਓ
੧ ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਹ ਨੂੰ ਆਪਣੀ ਸੰਗਤ ਵਿੱਚ ਰਲਾ ਲਉ ਪਰ ਉਹ ਦੇ ਭਰਮਾਂ ਦੇ ਉੱਤੇ ਫ਼ੈਸਲੇ ਕਰਨ ਦੇ ਲਈ ਨਹੀਂ । ੨ ਕਿਉਂਕਿ ਇੱਕ ਨੂੰ ਵਿਸ਼ਵਾਸ ਹੈ ਕਿ ਸਭ ਕੁੱਝ ਖਾਣਾ ਯੋਗ ਹੈ, ਪਰ ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਸਾਗ ਪੱਤ ਹੀ ਖਾਂਦਾ ਹੈ । ੩ ਜਿਹੜਾ ਖਾਣ ਵਾਲਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਜਾਣੇ ਅਤੇ ਜਿਹੜਾ ਨਾ ਖਾਣ ਵਾਲਾ ਹੈ ਉਹ ਖਾਣ ਵਾਲੇ ਉੱਤੇ ਦੋਸ਼ ਨਾ ਲਾਵੇ ਕਿਉਂ ਜੋ ਪਰਮੇਸ਼ੁਰ ਨੇ ਉਹ ਨੂੰ ਕਬੂਲ ਕਰ ਲਿਆ ਹੈ । ੪ ਤੂੰ ਦੂਜੇ ਦੇ ਸੇਵਕ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ ? ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਸਥਿਰ ਰਹਿੰਦਾ ਜਾਂ ਡਿੱਗ ਪੈਂਦਾ ਹੈ, ਪਰ ਉਹ ਸਥਿਰ ਰਹੇਗਾ ਕਿਉਂ ਜੋ ਪ੍ਰਭੂ ਉਸ ਨੂੰ ਸਥਿਰ ਰੱਖ ਸਕਦਾ ਹੈ । ੫ ਕੋਈ ਤਾਂ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਸਮਝਦਾ ਹੈ, ਅਤੇ ਕੋਈ ਜਣਾ ਸਾਰਿਆਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ । ਹਰ ਕੋਈ ਆਪੋ ਆਪਣੇ ਮਨ ਵਿੱਚ ਪੱਕਾ ਭਰੋਸਾ ਕਰ ਲਵੇ । ੬ ਜਿਹੜਾ ਦਿਨ ਨੂੰ ਮੰਨਦਾ ਹੈ, ਉਹ ਪ੍ਰਭੂ ਦੇ ਲਈ ਮੰਨਦਾ ਹੈ ਅਤੇ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਕਿਉਂ ਜੋ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ, ਅਤੇ ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ । ੭ ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜਿਉਂਦਾ, ਨਾ ਕੋਈ ਆਪਣੇ ਲਈ ਮਰਦਾ ਹੈ । ੮ ਇਸ ਲਈ ਜੇ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ ਅਤੇ ਜੇ ਅਸੀਂ ਮਰੀਏ ਤਾਂ ਪ੍ਰਭੂ ਦੇ ਲਈ ਮਰਦੇ ਹਾਂ । ਸੋ ਗੱਲ ਕਾਹਦੀ, ਭਾਵੇਂ ਅਸੀਂ ਜੀਵੀਏ ਜਾਂ ਮਰੀਏ ਪਰ ਹਾਂ ਅਸੀਂ ਪ੍ਰਭੂ ਦੇ ਹੀ । ੯ ਕਿਉਂ ਜੋ ਇਸੇ ਕਾਰਨ ਮਸੀਹ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਜੋ ਮੁਰਦਿਆਂ, ਨਾਲੇ ਜਿਉਂਦਿਆਂ ਦਾ ਪ੍ਰਭੂ ਹੋਵੇ । ੧੦ ਪਰ ਤੂੰ ਆਪਣੇ ਭਰਾ ਉੱਤੇ ਕਿਉਂ ਦੋਸ਼ ਲਾਉਂਦਾ ਹੈਂ, ਜਾਂ ਫੇਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ ? ਕਿਉਂ ਜੋ ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਖੜ੍ਹੇ ਹੋਵਾਂਗੇ । ੧੧ ਕਿਉਂ ਜੋ ਇਹ ਲਿਖਿਆ ਹੋਇਆ ਹੈ, ਪ੍ਰਭੂ ਕਹਿੰਦਾ ਹੈ, ਮੈਨੂੰ ਆਪਣੀ ਜਿੰਦ ਦੀ ਸਹੁੰ, ਕਿ ਹਰ ਇੱਕ ਗੋਡਾ ਮੇਰੇ ਅੱਗੇ ਝੁਕੇਗਾ, ਅਤੇ ਹਰ ਇੱਕ ਜ਼ੁਬਾਨ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ । ੧੨ ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ ।
ਆਪਣੇ ਭਰਾ ਦੇ ਨਾਸ ਹੋਣ ਦਾ ਕਾਰਨ ਨਾ ਬਣੋ
੧੩ ਇਸ ਲਈ ਅਸੀਂ ਇੱਕ ਦੂਜੇ ਉੱਤੇ ਅੱਗੇ ਤੋਂ ਕਦੇ ਦੋਸ਼ ਨਾ ਲਾਈਏ ਸਗੋਂ ਤੁਸੀਂ ਇਹ ਵਿਚਾਰੋ, ਕਿ ਠੇਡੇ ਜਾਂ ਠੋਕਰ ਵਾਲੀ ਚੀਜ਼ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ । ੧੪ ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਤੋਂ ਮੈਨੂੰ ਵਿਸ਼ਵਾਸ ਹੋਈ ਹੈ, ਕਿ ਕੋਈ ਚੀਜ਼ ਆਪਣੇ ਆਪ ਤੋਂ ਅਸ਼ੁੱਧ ਨਹੀਂ ਪਰ ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਮੰਨਦਾ ਹੈ, ਉਹ ਉਸ ਦੇ ਲਈ ਅਸ਼ੁੱਧ ਹੈ । ੧੫ ਜੇਕਰ ਤੇਰੇ ਭੋਜਨ ਦੇ ਕਾਰਨ ਤੇਰਾ ਭਰਾ ਦੁੱਖੀ ਹੁੰਦਾ ਹੈ, ਤਾਂ ਤੂੰ ਹਾਲੇ ਤੱਕ ਪਿਆਰ ਨਾਲ ਨਹੀਂ ਚੱਲਦਾ ਹੈਂ । ਜਿਹ ਦੇ ਲਈ ਮਸੀਹ ਮਰਿਆ ਤੂੰ ਭੋਜਨ ਦੇ ਲਈ ਉਹ ਦਾ ਨਾਸ ਨਾ ਕਰ । ੧੬ ਸੋ ਹੁਣ ਤੁਹਾਡੀ ਭਲਿਆਈ ਦੀ ਬਦਨਾਮੀ ਨਾ ਕੀਤੀ ਜਾਵੇ । ੧੭ ਕਿਉਂ ਜੋ ਪਰਮੇਸ਼ੁਰ ਦਾ ਰਾਜ ਖਾਣਾ ਪੀਣਾ ਨਹੀਂ ਸਗੋਂ ਪਵਿੱਤਰ ਆਤਮਾ ਵਿੱਚ ਸ਼ਾਂਤੀ ਅਤੇ ਅਨੰਦ ਹੈ । ੧੮ ਅਤੇ ਜਿਹੜਾ ਇਸ ਤਰ੍ਹਾਂ ਨਾਲ ਮਸੀਹ ਦੀ ਸੇਵਾ ਕਰਦਾ ਹੈ, ਉਹ ਤਾਂ ਪਰਮੇਸ਼ੁਰ ਨੂੰ ਭਾਉਂਦਾ ਅਤੇ ਮਨੁੱਖਾਂ ਨੂੰ ਕਬੂਲ ਹੁੰਦਾ ਹੈ । ੧੯ ਸੋ ਚੱਲੋ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ ਅਤੇ ਇੱਕ ਦੂਜੇ ਦੀ ਤਰੱਕੀ ਹੋਵੇ । ੨੦ ਭੋਜਨ ਦੇ ਕਾਰਨ ਪਰਮੇਸ਼ੁਰ ਦਾ ਕੰਮ ਨਾ ਵਿਗਾੜ । ਸਭ ਕੁੱਝ ਸ਼ੁੱਧ ਤਾਂ ਹੈ, ਪਰ ਉਸ ਮਨੁੱਖ ਦੇ ਲਈ ਬੁਰਾ ਹੈ ਜਿਹ ਦੇ ਖਾਣ ਤੋਂ ਠੋਕਰ ਲੱਗਦੀ ਹੈ । ੨੧ ਭਲੀ ਗੱਲ ਤਾਂ ਇਹ ਹੈ, ਕਿ ਨਾ ਤੂੰ ਮਾਸ ਖਾਵੇਂ ਅਤੇ ਨਾ ਤੂੰ ਸ਼ਰਾਬ ਪੀਵੇਂ ਅਤੇ ਨਾ ਕੋਈ ਇਹੋ ਜਿਹਾ ਕੰਮ ਕਰੇਂ ਜਿਸ ਤੋਂ ਤੇਰਾ ਭਰਾ ਠੋਕਰ ਖਾਵੇ । ੨੨ ਤੇਰਾ ਜੋ ਵਿਸ਼ਵਾਸ ਹੈ, ਉਸ ਨੂੰ ਪਰਮੇਸ਼ੁਰ ਦੇ ਸਾਹਮਣੇ ਆਪਣੇ ਮਨ ਵਿੱਚ ਰੱਖ । ਧੰਨ ਉਹ ਜਿਹੜਾ ਉਸ ਕੰਮ ਵਿੱਚ ਜਿਹ ਨੂੰ ਉਹ ਠੀਕ ਸਮਝਦਾ ਹੈ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾਉਂਦਾ । ੨੩ ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ ਇਸ ਲਈ ਜੋ ਵਿਸ਼ਵਾਸ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁੱਝ ਵਿਸ਼ਵਾਸ ਨਾਲ ਨਹੀਂ ਹੁੰਦਾ ਹੈ ਸੋ ਪਾਪ ਹੈ ।