੧ ਕਾਸ਼ ਕਿ ਤੂੰ ਮੇਰੇ ਵੀਰ ਜਿਹਾ ਹੁੰਦਾ,
ਜਿਸ ਨੇ ਮੇਰੀ ਮਾਂ ਦੀਆਂ ਦੁੱਧੀਆਂ ਚੁੰਘੀਆਂ !
ਜਦ ਮੈਂ ਤੈਨੂੰ ਬਾਹਰ ਲੱਭਦੀ, ਮੈਂ ਤੈਨੂੰ ਚੁੰਮਦੀ,
ਅਤੇ ਕੋਈ ਮੈਨੂੰ ਤੁੱਛ ਨਾ ਜਾਣਦਾ !
੨ ਮੈਂ ਤੇਰੀ ਅਗਵਾਈ ਕਰ ਕੇ ਤੈਨੂੰ ਆਪਣੀ ਮਾਤਾ ਦੇ ਘਰ ਲੈ ਜਾਂਦੀ,
ਉਹ ਮੈਨੂੰ ਸਿਖਾਉਂਦੀ,
ਮੈਂ ਤੈਨੂੰ ਮਸਾਲੇ ਵਾਲੀ ਮਧ,
ਆਪਣੇ ਅਨਾਰ ਦਾ ਰਸ ਪਿਲਾਉਂਦੀ ।
੩ ਕਾਸ਼ ਕਿ ਉਹ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ,
ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈ ਲੈਂਦਾ !
੪ ਹੇ ਯਰੂਸ਼ਲਮ ਦੀਓ ਧੀਓ,
ਮੈਂ ਤੁਹਾਨੂੰ ਸਹੁੰ ਚੁਕਾਉਂਦੀ ਹਾਂ,
ਤੁਸੀਂ ਕਿਉਂ ਪ੍ਰੀਤ ਨੂੰ ਉਕਸਾਓ ਅਤੇ ਜਗਾਓ
ਜਦ ਤੱਕ ਉਸ ਨੂੰ ਆਪ ਨਾ ਭਾਵੇ ?
ਛੇਵਾਂ ਗੀਤ
ਸਹੇਲੀਆਂ
੫ ਇਹ ਕੌਣ ਹੈ ਜਿਹੜੀ ਉਜਾੜ ਤੋਂ ਉਤਾਹਾਂ ਆਉਂਦੀ ਹੈ,
ਜਿਹੜੀ ਆਪਣੇ ਬਾਲਮ ਦਾ ਸਹਾਰਾ ਲੈਂਦੀ ਹੈ ?
ਵਧੂ
ਸੇਬ ਦੇ ਰੁੱਖ ਹੇਠ ਮੈਂ ਤੈਨੂੰ ਜਗਾਇਆ,
ਉੱਥੇ ਤੇਰੀ ਮਾਂ ਨੇ ਗਰਭ ਧਾਰਨ ਕੀਤਾ,
ਉੱਥੇ ਤੇਰੀ ਮਾਂ ਨੂੰ ਤੇਰੇ ਜਣਨ ਦੀ ਪੀੜ ਲੱਗੀ ਅਤੇ ਤੈਨੂੰ ਜਣਿਆ ।
੬ ਮੈਨੂੰ ਆਪਣੇ ਦਿਲ ਉੱਤੇ ਮੋਹਰ ਵਾਂਗੂੰ ਰੱਖ,
ਆਪਣੀ ਬਾਂਹ ਉੱਤੇ ਮੋਹਰ ਵਾਂਗੂੰ ਬੰਨ੍ਹ,
ਕਿਉਂ ਜੋ ਪ੍ਰੇਮ ਮੌਤ ਵਰਗਾ ਬਲਵਾਨ ਹੈ,
ਈਰਖਾ ਪਤਾਲ ਵਾਂਗੂੰ ਕਠੋਰ ਹੈ,
ਉਸ ਦੀਆਂ ਲਾਟਾਂ ਅੱਗ ਦੀਆਂ ਲਾਟਾਂ ਹਨ,
ਸਗੋਂ ਪਰਮੇਸ਼ੁਰ ਦੀ ਅੱਗ ਦੀਆਂ ਲਾਟਾਂ ਹਨ ।
੭ ਬਹੁਤੇ ਪਾਣੀ ਪ੍ਰੇਮ ਨੂੰ ਬੁਝਾ ਨਹੀਂ ਸਕਦੇ,
ਨਾ ਹੜ੍ਹ ਉਹ ਨੂੰ ਦੱਬ ਸਕਦੇ ਹਨ ।
ਜੇ ਕੋਈ ਆਪਣੇ ਘਰ ਦਾ ਸਾਰਾ ਧਨ ਪ੍ਰੇਮ ਦੇ ਬਦਲੇ ਦੇ ਦਿੰਦਾ,
ਤਾਂ ਉਹ ਉਸ ਨੂੰ ਅੱਤ ਤੁੱਛ ਜਾਣਦਾ ।
ਵਧੂ ਦਾ ਭਰਾ
੮ ਸਾਡੀ ਇੱਕ ਛੋਟੀ ਭੈਣ ਹੈ,
ਉਸ ਦੀਆਂ ਛਾਤੀਆਂ ਅਜੇ ਨਹੀਂ ਉਭਰੀਆਂ ।
ਅਸੀਂ ਆਪਣੀ ਭੈਣ ਲਈ ਕੀ ਕਰੀਏ
ਜਿਸ ਵੇਲੇ ਉਸ ਦੇ ਵਿਆਹ ਦੀ ਗੱਲ ਚੱਲੇ ?
੯ ਜੇ ਉਹ ਕੰਧ ਹੋਵੇ,
ਤਾਂ ਅਸੀਂ ਉਹ ਦੇ ਉੱਤੇ ਚਾਂਦੀ ਦਾ ਮੁਨਾਰਾ ਬਣਾਵਾਂਗੇ
ਜੇ ਉਹ ਦਰਵਾਜ਼ਾ ਹੋਵੇ,
ਤਾਂ ਅਸੀਂ ਉਹ ਨੂੰ ਦਿਆਰ ਦੀਆਂ ਫੱਟੀਆਂ ਨਾਲ ਘੇਰਾਂਗੇ ।
ਵਧੂ
੧੦ ਮੈਂ ਕੰਧ ਸੀ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਾਂਗੂੰ ਸਨ,
ਤਦ ਮੈਂ ਉਹ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ ।
ਵਰ
੧੧ ਬਆਲ-ਹਮੋਨ ਵਿੱਚ ਸੁਲੇਮਾਨ ਦਾ ਅੰਗੂਰੀ ਬਾਗ਼ ਸੀ,
ਉਸ ਨੇ ਉਹ ਅੰਗੂਰੀ ਬਾਗ਼ ਰਾਖਿਆਂ ਨੂੰ ਦਿੱਤਾ ।
ਹਰ ਇੱਕ ਉਹ ਦੇ ਫਲ ਲਈ ਚਾਂਦੀ ਦੇ ਹਜ਼ਾਰ ਸਿੱਕੇ ਲਿਆਵੇ ।
੧੨ ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਮੇਰੇ ਸਾਹਮਣੇ ਹੈ,
ਹੇ ਸੁਲੇਮਾਨ, ਹਜ਼ਾਰ ਮੈਨੂੰ ਮਿਲਣ,
ਅਤੇ ਉਹ ਦੇ ਫਲ ਦੇ ਰਾਖਿਆਂ ਨੂੰ ਦੋ-ਦੋ ਸੌ ਮਿਲਣ ।
੧੩ ਤੂੰ ਜੋ ਬਗੀਚਿਆਂ ਵਿੱਚ ਵੱਸਦੀ ਹੈਂ,
ਸਾਥੀ ਤੇਰੀ ਅਵਾਜ਼ ਲਈ ਕੰਨ ਲਾਉਂਦੇ ਹਨ,
ਮੈਨੂੰ ਵੀ ਆਪਣੀ ਅਵਾਜ਼ ਸੁਣਾ !
੧੪ ਹੇ ਮੇਰੇ ਬਾਲਮ, ਛੇਤੀ ਕਰ,
ਮਸਾਲਿਆਂ ਦੇ ਪਹਾੜਾਂ ਉੱਤੇ ਚਕਾਰੇ ਜਾਂ ਜੁਆਨ ਹਿਰਨਾਂ ਵਾਂਗੂੰ ਬਣ ਜਾ !