੧੩
੧ ਉਸ ਦਿਨ ਪਾਪ ਅਤੇ ਅਸ਼ੁੱਧਤਾਈ ਦੇ ਕਾਰਨ ਇੱਕ ਸੁੰਬ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਖੋਲ੍ਹਿਆ ਜਾਵੇਗਾ । ੨ ਉਸ ਦਿਨ ਇਸ ਤਰ੍ਹਾਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਦੇਸ ਵਿੱਚੋਂ ਬੁੱਤਾਂ ਦਾ ਨਾਮ ਕੱਟ ਦਿਆਂਗਾ, ਉਹ ਫੇਰ ਚੇਤੇ ਨਾ ਕੀਤੇ ਜਾਣਗੇ ਅਤੇ ਨਬੀਆਂ ਅਤੇ ਪਲੀਤ ਆਤਮਾਂ ਨੂੰ ਉਸ ਦੇਸ ਤੋਂ ਕੱਢ ਦਿਆਂਗਾ । ੩ ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਕੋਈ ਮਨੁੱਖ ਅਗੰਮ ਵਾਚੇਗਾ ਤਾਂ ਉਸ ਦੇ ਮਾਪੇ ਜਿਨ੍ਹਾਂ ਤੋਂ ਉਹ ਜੰਮਿਆ ਸੀ, ਉਹ ਨੂੰ ਆਖਣਗੇ ਕਿ ਤੂੰ ਜੀਉਂਦਾ ਨਾ ਰਹੇਂਗਾ ਕਿਉਂ ਜੋ ਤੂੰ ਯਹੋਵਾਹ ਦਾ ਨਾਮ ਲੈ ਕੇ ਝੂਠ ਬੋਲਦਾ ਹੈਂ ! ਤਾਂ ਉਸ ਦੇ ਮਾਪੇ ਜਿਨ੍ਹਾਂ ਤੋਂ ਉਹ ਜੰਮਿਆ ਸੀ ਜਦ ਉਹ ਅਗੰਮ ਵਾਚੇਗਾ ਉਹ ਨੂੰ ਵਿੰਨ੍ਹ ਸੁੱਟਣਗੇ । ੪ ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਹਰੇਕ ਨਬੀ ਜਦ ਉਹ ਅਗੰਮ ਵਾਚੇਗਾ, ਆਪਣੇ ਦਰਸ਼ਣ ਤੋਂ ਸ਼ਰਮਿੰਦਾ ਹੋਵੇਗਾ ਅਤੇ ਉਹ ਧੋਖਾ ਦੇਣ ਲਈ ਉੱਨ ਦਾ ਚੋਲਾ ਨਾ ਪਾਉਣਗੇ । ੫ ਸਗੋਂ ਉਹ ਆਖੇਗਾ, ਮੈਂ ਨਬੀ ਨਹੀਂ ਹਾਂ, ਮੈਂ ਤਾਂ ਜ਼ਮੀਨ ਦਾ ਵਾਹੁਣ ਵਾਲਾ ਹਾਂ, ਕਿਉਂ ਜੋ ਜੁਆਨੀ ਤੋਂ ਜ਼ਮੀਨ ਮੇਰੇ ਕਬਜ਼ੇ ਵਿੱਚ ਰਹੀ ਹੈ । ੬ ਜੇ ਉਹ ਨੂੰ ਕੋਈ ਆਖੇਗਾ ਕਿ ਤੇਰੇ ਹੱਥਾਂ ਦੇ ਵਿੱਚ ਇਹ ਜ਼ਖਮ ਕੀ ਹਨ ? ਤਾਂ ਉਹ ਆਖੇਗਾ ਕਿ ਇਹ ਉਹੋ ਹੀ ਹਨ ਜਿਨ੍ਹਾਂ ਨਾਲ ਮੈਂ ਆਪਣੇ ਸੱਜਣਾਂ ਦੇ ਘਰ ਜ਼ਖਮੀ ਕੀਤਾ ਗਿਆ ।
ਪ੍ਰਭੂ ਦੇ ਚਰਵਾਹੇ ਨੂੰ ਮਾਰ ਸੁੱਟਣ ਦੀ ਆਗਿਆ
੭ ਹੇ ਤਲਵਾਰ, ਮੇਰੇ ਅਯਾਲੀ ਦੇ ਵਿਰੁੱਧ ਜਾਗ, ਉਸ ਪੁਰਖ ਦੇ ਵਿਰੁੱਧ ਜਿਹੜਾ ਮੇਰਾ ਸਾਥੀ ਹੈ ! ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਯਾਲੀ ਨੂੰ ਮਾਰ ਕਿ ਭੇਡਾਂ ਖਿੱਲਰ ਜਾਣ, ੮ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਉਸ ਸਾਰੇ ਦੇਸ ਵਿੱਚ ਦੋ ਤਿਹਾਈ ਕੱਢੇ ਜਾਣਗੇ ਅਤੇ ਨਾਸ ਹੋ ਜਾਣਗੇ, ਇੱਕ ਤਿਹਾਈ ਉਸ ਵਿੱਚ ਬਚ ਰਹੇਗੀ । ੯ ਮੈਂ ਇੱਕ ਤਿਹਾਈ ਨੂੰ ਅੱਗ ਵਿੱਚ ਪਾਵਾਂਗਾ, ਮੈਂ ਉਹ ਨੂੰ ਤਾਵਾਂਗਾ ਜਿਵੇਂ ਚਾਂਦੀ ਤਾਈ ਜਾਂਦੀ ਹੈ, ਮੈਂ ਉਹ ਨੂੰ ਪਰਖਾਂਗਾ ਜਿਵੇਂ ਸੋਨਾ ਪਰਖੀਦਾ ਹੈ, ਉਹ ਮੇਰਾ ਨਾਮ ਲੈ ਕੇ ਪੁਕਾਰਨਗੇ ਅਤੇ ਮੈਂ ਉਹਨਾਂ ਨੂੰ ਉੱਤਰ ਦਿਆਂਗਾ, ਮੈਂ ਆਖਾਂਗਾ, ਇਹ ਮੇਰੀ ਪਰਜਾ ਹੈ ਅਤੇ ਉਹ ਆਖਣਗੇ ਯਹੋਵਾਹ ਮੇਰਾ ਪਰਮੇਸ਼ੁਰ ਹੈ ।