Home

ਪੈਦਾਇਸ਼

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50


-Reset+

ਕਾਂਡ 4

1 ਆਦਮ ਅਤੇ ਉਸਦੀ ਪਤਨੀ ਹੱਵਾਹ ਨੇ ਜਿਨਸੀ ਸੰਬੰਧ ਬਣਾਏ ਅਤੇ ਹੱਵਾਹ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਇਸ ਬੱਚੇ ਦਾ ਨਾਮ ਕਇਨ ਰੱਖਿਆ ਗਿਆ। ਹੱਵਾਹ ਨੇ ਆਖਿਆ, “ਯਹੋਵਾਹ ਦੀ ਸਹਾਇਤਾ ਨਾਲ, ਮੈਂ ਇੱਕ ਆਦਮੀ ਨੂੰ ਪ੍ਰਾਪਤ ਕੀਤਾ ਹੈ।”
2 ਇਸਤੋਂ ਮਗਰੋਂ ਹੱਵਾਹ ਨੇ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ। ਇਹ ਬੱਚਾ ਕਇਨ ਦਾ ਭਰਾ ਹਾਬਲ ਸੀ। ਹਾਬਲ ਇੱਕ ਆਜੜੀ ਬਣ ਗਿਆ। ਕਇਨ ਇੱਕ ਕਿਸਾਨ ਬਣ ਗਿਆ।
3 ਵਾਢੀ ਦੇ ਸਮੇਂ, ਕਇਨ ਯਹੋਵਾਹ ਲਈ ਸੁਗਾਤ ਵਜੋਂ ਕੁਝ ਫ਼ਲ ਅਤੇ ਸਬਜ਼ੀਆਂ ਲੈਕੇ ਆਇਆ। ਕਇਨ ਉਸ ਭੋਜਨ ਦਾ ਕੁਝ ਹਿੱਸਾ ਲੈਕੇ ਆਇਆ ਜਿਹੜਾ ਉਸਨੇ ਧਰਤੀ ਤੇ ਉਗਾਇਆ ਸੀ। ਪਰ ਹਾਬਲ ਆਪਣੇ ਇੱਜੜ ਵਿੱਚੋਂ ਕੁਝ ਜਾਨਵਰ ਲੈਕੇ ਆਇਆ।
4 ਪਰ ਹਾਬਲ ਆਪਣੇ ਇੱਜੜ ਵਿੱਚੋਂ ਪਲੇਠੇ ਜਨਮੇ ਜਾਨਵਰਾਂ ਨੂੰ ਲਿਆਇਆ ਅਤੇ ਉਸਨੇ ਆਪਣੀਆਂ ਸਭ ਤੋਂ ਚੰਗੀਆਂ ਭੇਡਾਂ ਦਾ ਸਭ ਤੋਂ ਚੰਗਾ ਹਿੱਸਾ ਭੇਂਟ ਕੀਤਾ।ਇਸਲਈ ਯਹੋਵਾਹ ਨੇ ਹਾਬਲ ਅਤੇ ਉਸਦੀ ਸੁਗਾਤ ਤੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ।
5 ਪਰ ਯਹੋਵਾਹ ਨੇ ਕਇਨ ਅਤੇ ਉਸਦੀ ਭੇਂਟ ਨੂੰ ਪ੍ਰਵਾਨ ਨਹੀਂ ਕੀਤਾ। ਇਸ ਕਾਰਣ ਕਇਨ ਉਦਾਸ ਹੋ ਗਿਆ, ਅਤੇ ਉਹ ਬਹੁਤ ਗੁੱਸੇ ਵਿੱਚ ਆ ਗਿਆ।
6 ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੂੰ ਗੁੱਸੇ ਵਿੱਚ ਕਿਉਂ ਹੈਂ? ਤੇਰੇ ਚਿਹਰੇ ਉੱਤੇ ਉਦਾਸੀ ਕਿਉਂ ਝਲਕਦੀ ਹੈ?
7 ਜੇ ਤੂੰ ਚੰਗੇ ਕੰਮ ਕਰੇਂਗਾ ਤਾਂ ਮੇਰੇ ਨਾਲ ਤੇਰਾ ਸੰਬੰਧ ਠੀਕ ਹੋ ਜਾਵੇਗਾ। ਫ਼ੇਰ ਮੈਂ ਤੈਨੂੰ ਪ੍ਰਵਾਨ ਕਰ ਲਵਾਂਗਾ। ਪਰ ਜੇ ਤੂੰ ਮੰਦੇ ਕੰਮ ਕੀਤੇ ਤਾਂ ਉਹ ਪਾਪ ਤੇਰੇ ਜੀਵਨ ਵਿੱਚ ਹੈ। ਤੇਰਾ ਪਾਪ ਤੇਰੇ ਉੱਤੇ ਕਾਬੂ ਪਾਉਣਾ ਚਾਹੇਗਾ ਪਰ ਤੈਨੂੰ ਆਪਣੇ ਪਾਪ ਉੱਤੇ ਕਾਬੂ ਪਾਉਣਾ ਪਵੇਗਾ।”
8 ਕਇਨ ਨੇ ਆਪਣੇ ਭਰਾ ਹਾਬਲ ਨੂੰ ਆਖਿਆ, “ਆ, ਖੇਤ ਵਿੱਚ ਚੱਲੀਏ।” ਇਸ ਲਈ ਕਇਨ ਤੇ ਹਾਬਲ ਖੇਤ ਨੂੰ ਚਲੇ ਗਏ। ਫ਼ੇਰ ਕਇਨ ਨੇ ਆਪਣੇ ਭਰਾ ਹਾਬਲ ਉੱਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਮਾਰ ਦਿੱਤਾ।
9 ਬਾਅਦ ਵਿੱਚ, ਯਹੋਵਾਹ ਨੇ ਕਇਨ ਨੂੰ ਪੁੱਛਿਆ, “ਤੇਰਾ ਭਰਾ, ਹਾਬਲ, ਕਿਥੇ ਹੈ?”ਕਇਨ ਨੇ ਜਵਾਬ ਦਿੱਤਾ, “ਮੈਨੂੰ ਨਹੀਂ ਪਤਾ। ਕੀ ਮੇਰਾ ਕੰਮ ਆਪਣੇ ਭਰਾ ਦੀ ਦੇਖ-ਭਾਲ ਕਰਨਾ ਹੈ?”
10 ਤਾਂ ਯਹੋਵਾਹ ਨੇ ਆਖਿਆ, “ਤੂੰ ਕੀ ਕਰ ਦਿੱਤਾ ਹੈ? ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਹੈ! ਉਸਦਾ ਖੂਨ ਉਸ ਆਵਾਜ਼ ਵਰਗਾ ਹੈ ਜਿਹੜੀ ਧਰਤੀ ਤੋਂ ਮੈਨੂੰ ਪੁਕਾਰ ਰਹੀ ਹੈ।
11 ਤੂੰ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਅਤੇ ਧਰਤੀ ਤੇਰੇ ਹੱਥਾਂ ਵਿੱਚੋਂ ਉਸਦਾ ਖੂਨ ਲੈਣ ਲਈ ਖੁਲ੍ਹ ਗਈ। ਇਸ ਲਈ ਹੁਣ, ਮੈਂ ਉਸ ਧਰਤੀ ਉੱਤੇ ਆਫ਼ਤਾਂ ਘੱਲਾਂਗਾ।
12 ਅਤੀਤ ਵਿੱਚ, ਤੂੰ ਬੀਜਦਾ ਸੀ ਅਤੇ ਤੇਰੇ ਪੌਦੇ ਚੰਗੇ ਉਗਦੇ ਸਨ। ਪਰ ਹੁਣ ਜਦੋਂ ਤੂੰ ਬੀਜੇਂਗਾ ਧਰਤੀ ਤੇਰੇ ਪੌਦਿਆਂ ਨੂੰ ਉੱਗਣ ਵਿੱਚ ਸਹਾਇਤਾ ਨਹੀਂ ਕਰੇਗੀ। ਧਰਤੀ ਉੱਤੇ ਤੇਰਾ ਘਰ ਨਹੀਂ ਹੋਵੇਗਾ। ਤੂੰ ਥਾਂ-ਥਾਂ ਭਟਕੇਂਗਾ।”
13 ਤਾਂ ਕਇਨ ਨੇ ਆਖਿਆ, “ਇਹ ਸਜ਼ਾ ਮੇਰੇ ਸਹਿਣ ਤੋਂ ਵਧੇਰੇ ਹੈ!
14 ਦੇਖੋ, ਤੁਸੀਂ ਮੈਂਨੂੰ ਮੇਰੀ ਧਰਤੀ ਤੋਂ ਬਾਹਰ ਕੱਢ ਰਹੇ ਹੋਂ ਮੈਂ ਤੁਹਾਨੂੰ ਦੇਖ ਨਹੀਂ ਸਕਾਂਗਾ ਅਤੇ ਤੁਹਾਡੇ ਨੇੜੇ ਨਹੀਂ ਹੋ ਸਕਾਂਗਾ! ਮੇਰਾ ਘਰ ਨਹੀਂ ਹੋਵੇਗਾ! ਮੈਨੂੰ ਧਰਤੀ ਉੱਤੇ ਥਾਂ-ਥਾਂ ਭਟਕਣਾ ਪਵੇਗਾ ਅਤੇ ਜੋ ਕੋਈ ਵੀ ਮੈਨੂੰ ਲਭ ਲਵੇਗਾ, ਮੈਨੂੰ ਮਾਰ ਦੇਵੇਗਾ।”
15 ਤਾਂ ਯਹੋਵਾਹ ਨੇ ਕਇਨ ਨੂੰ ਆਖਿਆ, “ਮੈਂ ਅਜਿਹਾ ਨਹੀਂ ਹੋਣ ਦੇਵਾਂਗਾ! ਕਇਨ, ਜੇ ਕੋਈ ਤੈਨੂੰ ਮਾਰੇਗਾ, ਤਾਂ ਮੈਂ ਉਸ ਬੰਦੇ ਨੂੰ ਸਖ਼ਤ ਸਜ਼ਾ ਦੇਵਾਂਗਾ।” ਤਾਂ ਯਹੋਵਾਹ ਨੇ ਕਇਨ ਉੱਤੇ ਇੱਕ ਨਿਸ਼ਾਨ ਲਾ ਦਿੱਤਾ। ਇਹ ਨਿਸ਼ਾਨ ਦਰਸਾਉਂਦਾ ਸੀ ਕਿ ਕਿਸੇ ਬੰਦੇ ਨੂੰ ਉਸਨੂੰ ਨਹੀਂ ਮਾਰਨਾ ਚਾਹੀਦਾ।
16 ਕਇਨ ਯਹੋਵਾਹ ਕੋਲੋਂ ਦੂਰ ਚਲਿਆ ਗਿਆ। ਕਇਨ ਨੋਦ ਦੀ ਧਰਤੀ ਉੱਤੇ ਰਹਿੰਦਾ ਸੀ।
17 ਕਇਨ ਨੇ ਆਪਣੀ ਪਤਨੀ ਨਾਲ ਜਿਨਸੀ ਰਿਸ਼ਤਾ ਜੋੜਿਆ। ਉਹ ਗਰਭਵਤੀ ਹੋ ਗਈ ਅਤੇ ਉਸਨੇ ਹਨੋਕ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ। ਕਇਨ ਨੇ ਇੱਕ ਸ਼ਹਿਰ ਉਸਾਰਿਆ ਅਤੇ ਉਸ ਸ਼ਹਿਰ ਨੂੰ ਆਪਣੇ ਪੁੱਤਰ ਹਨੋਕ ਦਾ ਨਾਮ ਦਿੱਤਾ।
18 ਹਨੋਕ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਈਰਾਦ ਸੀ। ਈਰਾਦ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਹੂਯਾਏਲ ਸੀ। ਮਹੂਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਮਥੂਯਾਏਲ ਸੀ। ਮਥੂਸਯਾਏਲ ਦੇ ਇੱਕ ਪੁੱਤਰ ਹੋਇਆ ਜਿਸਦਾ ਨਾਮ ਲਾਮਕ ਸੀ।
19 ਲਾਮਕ ਨੇ ਦੋ ਔਰਤਾਂ ਨਾਲ ਸ਼ਾਦੀ ਕੀਤੀ। ਉਸਦੀ ਇੱਕ ਪਤਨੀ ਦਾ ਨਾਮ ਆਦਾਹ ਅਤੇ ਦੂਸਰੀ ਪਤਨੀ ਦਾ ਨਾਮ ਜ਼ਿੱਲਾਹ ਸੀ।
20 ਆਦਾਹ ਨੇ ਯਾਬਲ ਨੂੰ ਜਨਮ ਦਿੱਤਾ। ਯਾਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਪਸ਼ੂ ਪਾਲਣ ਕਰਕੇ ਜੀਵਨ ਦਾ ਨਿਰਬਾਹ ਕਰਦੇ ਸਨ।
21 ਆਦਾਹ ਦਾ ਇੱਕ ਹੋਰ ਪੁੱਤਰ ਵੀ ਸੀ ਜੂਬਲ। (ਜੂਬਲ, ਯਾਬਲ ਦਾ ਭਰਾ ਸੀ) ਜੂਬਲ ਉਨ੍ਹਾਂ ਲੋਕਾਂ ਦਾ ਪਿਤਾ ਸੀ ਜਿਹੜੇ ਸਰੰਗੀ ਤੇ ਬੰਸਰੀ ਬਜਾਉਂਦੇ ਸਨ।
22 ਜ਼ਿੱਲਾਹ ਨੇ ਤੂਬਲ ਕਇਨ ਨੂੰ ਜਨਮ ਦਿੱਤਾ। ਤੂਬਲ ਕਇਨ ਉਨ੍ਹਾਂ ਲੋਕਾਂ ਦਾ ਪਿਤਾ ਸੀ। ਜਿਹੜੇ ਤਾਂਬੇ ਅਤੇ ਲੋਹੇ ਦਾ ਕੰਮ ਕਰਦੇ ਸਨ। ਤੂਬਲ ਕਇਨ ਦੀ ਭੈਣ ਦਾ ਨਾਮ ਨਾਮਾਹ ਸੀ।
23 ਲਾਮਕ ਨੇ ਆਪਣੀਆਂ ਪਤਨੀਆਂ ਨੂੰ ਆਖਿਆ:“ਆਦਾਹ ਤੇ ਜ਼ਿੱਲਾਹ, ਮੇਰੀ ਗੱਲ ਸੁਣੋ!ਲਾਮਕ ਦੀਓ ਪਤਨੀਓ ਮੇਰੀ ਗੱਲ ਸੁਣੋ!ਮੈਂ ਇੱਕ ਆਦਮੀ ਨੂੰ ਮਾਰ ਦਿੱਤਾ ਜਿਸਨੇ ਮੈਨੂੰ ਜ਼ਖਮੀ ਕੀਤਾਅਤੇ ਇੱਕ ਜਵਾਨ ਆਦਮੀ ਨੂੰ ਜਿਸਨੇ ਮੈਨੂੰ ਕੁਟਿਆ।
24 ਕਇਨ ਨੂੰ ਮਾਰਨ ਦੀ ਸਜ਼ਾ ਬਹੁਤ ਵੱਡੀ ਸੀ!ਇਸ ਲਈ ਮੈਨੂੰ ਮਾਰਨ ਦੀ ਸਜ਼ਾ ਹੋਰ ਵੀ ਵਡੇਰੀ ਹੋਵੇਗੀ!”
25 ਆਦਮ ਨੇ ਫ਼ੇਰ ਹੱਵਾਹ ਨਾਲ ਜਿਨਸੀ ਰਿਸ਼ਤਾ ਜੋੜਿਆ। ਅਤੇ ਹੱਵਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਨ੍ਹਾਂ ਨੇ ਇਸਦਾ ਨਾਮ ਸੇਥ ਰੱਖਿਆ। ਹੱਵਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇੱਕ ਹੋਰ ਪੁੱਤਰ ਦਿੱਤਾ ਹੈ। ਕਇਨ ਨੇ ਹਾਬਲ ਨੂੰ ਮਾਰ ਦਿੱਤਾ ਸੀ, ਪਰ ਹੁਣ ਮੇਰੇ ਕੋਲ ਸੇਥ ਹੈ।”
26 ਸੇਥ ਦੇ ਵੀ ਇੱਕ ਪੁੱਤਰ ਹੋਇਆ। ਉਸਨੇ ਉਸਦਾ ਨਾਮ ਅਨੋਸ਼ ਰੱਖਿਆ। ਉਸ ਵੇਲੇ, ਲੋਕ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਲੱਗੇ।