Home

ਖ਼ਰੋਜ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40


-Reset+

ਕਾਂਡ 28

1 ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਨਾਦਾਬ, ਅਬੀਹੂ, ਅਲਆਜਾਰ ਅਤੇ ਈਥਾਮਾਰ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਤੋਂ ਤੇਰੇ ਕੋਲ ਆਉਣ। ਇਹ ਆਦਮੀ ਮੇਰੇ ਲਈ ਜਾਜਕਾਂ ਵਜੋਂ ਸੇਵਾ ਕਰਨਗੇ।
2 “ਆਪਣੇ ਭਰਾ ਹਾਰੂਨ ਲਈ ਖਾਸ ਕੱਪੜੇ ਬਣਾ ਜੋ ਉਸਨੂੰ ਸਤਿਕਾਰਯੋਗ ਅਤੇ ਗੌਰਵਮਈ ਬਨਾਉਣ।
3 ਤੁਹਾਡੇ ਦਰਮਿਆਨ ਮੈਂ ਮਾਹਰ ਲੋਕਾਂ ਨੂੰ ਸਿਆਣਪ ਦਿੱਤੀ ਹੈ। ਇਨ੍ਹਾਂ ਲੋਕਾਂ ਨੂੰ ਹਾਰੂਨ ਨੂੰ ਪਵਿੱਤਰ ਬਨਾਉਣ ਲਈ ਉਸ ਲਈ ਵਸਤਰ ਤਿਆਰ ਕਰਨ ਲਈ ਆਖ ਅਤੇ ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕਦਾ ਹੈ।
4 ਉਹ ਕੱਪੜੇ ਇਹ ਹਨ ਜੋ ਉਨ੍ਹਾਂ ਆਦਮੀਆਂ ਨੂੰ ਤਿਆਰ ਕਰਨੇ ਚਾਹੀਦੇ ਹਨ; ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਲਾ, ਉਣਿਆ ਹੋਇਆ ਚਿੱਟਾ ਚੋਲਾ, ਇੱਕ ਅਮਾਮਾ ਅਤੇ ਇੱਕ ਪੇਟੀ। ਇਨ੍ਹਾਂ ਲੋਕਾਂ ਨੂੰ ਤੇਰੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਲਈ ਇਹ ਖਾਸ ਵਸਤਰ ਤਿਆਰ ਕਰਨੇ ਚਾਹੀਦੇ ਹਨ। ਫ਼ੇਰ ਹਾਰੂਨ ਅਤੇ ਉਸਦੇ ਪੁੱਤਰ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਦੇ ਹਨ।
5 ਇਨ੍ਹਾਂ ਆਦਮੀਆਂ ਨੂੰ ਆਖਣਾ ਕਿ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਤੇ ਲਾਲ ਸੂਤ ਦੀ ਵਰਤੋਂ ਕਰਨ।
6 “ਏਫ਼ੋਦ ਤਿਆਰ ਕਰਨ ਲਈ ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ। ਇਹ ਕਿਸੇ ਬਹੁਤ ਹੀ ਕੁਸ਼ਲ ਕਾਰੀਗਰ ਦਾ ਕੰਮ ਹੋਣਾ ਚਾਹੀਦਾ ਹੈ।
7 ਏਫ਼ੋਦ ਦੇ ਹਰੇਕ ਮੋਢੇ ਉੱਤੇ ਇੱਕ-ਇੱਕ ਕਤਰ ਹੋਵੇ। ਮੋਢਿਆਂ ਦੀਆਂ ਇਨ੍ਹਾਂ ਕਤਰਾਂ ਨੂੰ ਜੋੜਕੇ ਏਫ਼ੋਦ ਦੇ ਦੋ ਕਿਨਾਰੇ ਬਣਾਏ ਜਾਣੇ ਚਾਹੀਦੇ ਹਨ।
8 “ਕਾਰੀਗਰ ਏਫ਼ੋਦ ਲਈ ਪੇਟੀ ਨੂੰ ਬੜੇ ਧਿਆਨ ਨਾਲ ਬੁਨਣਗੇ। ਇਹ ਪੇਟੀ ਵੀ ਉਸੇ ਤਰ੍ਹਾਂ ਦੀ ਬਣੀ ਹੋਣੀ ਚਾਹੀਦੀ ਹੈ - ਸੁਨਿਹਰੀ ਧਾਗਿਆਂ, ਮਹੀਨ ਕੱਪੜੇ ਅਤੇ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ।
9 “ਦੋ ਸੁਲੇਮਾਨੀ ਪੱਥਰ ਲਵੋ। ਇਨ੍ਹਾ ਹੀਰਿਆਂ ਉੱਤੇ ਇਸਰਾਏਲ ਦੇ ਬਾਰ੍ਹਾਂ ਪੁੱਤਰਾਂ ਦੇ ਨਾਮ ਲਿਖੋ।
10 ਛੇ ਨਾਮ ਇੱਕ ਹੀਰੇ ਉੱਤੇ ਅਤੇ ਛੇ ਨਾਮ ਦੂਸਰੇ ਹੀਰੇ ਉੱਤੇ ਲਿਖਣੇ। ਇਹ ਨਾਮ ਵੱਡੇ ਪੁੱਤਰ ਤੋਂ ਛੋਟੇ ਪੁੱਤਰਾਂ ਤੱਕ ਕਰਮਵਾਰ ਲਿਖੇ ਹੋਣ।
11 “ਇਨ੍ਹਾਂ ਹੀਰਿਆਂ ਉੱਤੇ ਇਸਰਾਏਲ ਦੇ ਪੁੱਤਰ ਦੇ ਨਾਮ ਲਿਖੋ। ਇਸਨੂੰ ਉਸੇ ਤਰ੍ਹਾਂ ਕਰੋ ਜਿਵੇਂ ਕੋਈ ਕਾਮਾ ਮੁਹਰ ਬਨਾਉਣ ਲਈ ਕਰਦਾ ਹੈ ਅਤੇ ਇਨ੍ਹਾਂ ਹੀਰਿਆਂ ਨੂੰ ਸੁਨਿਹਰੀ ਫ਼ਰੇਮ ਵਿੱਚ ਜੜ ਦਿਉ।
12 ਫ਼ੇਰ ਇਨ੍ਹਾਂ ਦੋਹਾਂ ਹੀਰਿਆਂ ਨੂੰ ਏਫ਼ੋਦ ਦੇ ਦੋਹਾਂ ਮੋਢਿਆਂ ਦੀਆਂ ਕਤਰਾਂ ਉੱਤੇ ਲਾਉ। ਹਾਰੂਨ ਇਸ ਖਾਸ ਕੋਟ ਨੂੰ ਉਸ ਵੇਲੇ ਪਹਿਨੇਗਾ ਜਦੋਂ ਉਹ ਯਹੋਵਾਹ ਦੇ ਸਨਮੁਖ ਖਲੋਵੇਗਾ ਅਤੇ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਵਾਲੇ ਹੀਰੇ ਏਫ਼ੋਦ ਉੱਤੇ ਹੋਣਗੇ। ਇਹ ਹੀਰੇ ਪਰਮੇਸ਼ੁਰ ਅੱਗੇ, ਇਸਰਾਏਲ ਦੇ ਲੋਕਾਂ ਦੀ ਯਾਦਗਾਰੀ ਵਜੋਂ ਹੋਣਗੇ।
13 ਹੀਰਿਆਂ ਨੂੰ ਏਫ਼ੋਦ ਉੱਤੇ ਲਗਾਉਣ ਲਈ ਸ਼ੁਧ ਸੋਨਾ ਵਰਤੋਂ।
14 ਡੋਰੀਆਂ ਵਾਂਗ ਗੁੰਦੀਆਂ ਹੋਈਆਂ ਦੋ ਸੋਨੇ ਦੀਆਂ ਜੰਜੀਰੀਆਂ ਬਣਾਉ ਅਤੇ ਉਨ੍ਹਾਂ ਨੂੰ ਸੁਨਿਹਰੀ ਖਾਨਿਆਂ ਨਾਲ ਜੋੜ ਦਿਉ।
15 “ਪਰਧਾਨ ਜਾਜਕ ਲਈ ਨਿਆਉਂ ਦਾ ਇੱਕ ਸੀਨੇ-ਬੰਦ ਬਣਾਉ। ਮਾਹਰ ਕਾਰੀਗਰਾਂ ਨੂੰ ਇਹ ਸੀਨੇ-ਬੰਦ ਉਸੇ ਤਰ੍ਹਾਂ ਬਨਾਉਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਨੇ ਏਫ਼ੋਦ ਬਣਾਇਆ ਸੀ। ਉਨ੍ਹਾ ਨੂੰ ਸੋਨੇ ਦੇ ਧਾਗੇ, ਮਹੀਨ ਲਿਨਨ ਅਤੇ ਨੀਲੇ, ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰਨੀ ਚਾਹੀਦੀ ਹੈ।
16 ਸੀਨੇ-ਬੰਦ ਨੂੰ ਦੂਹਰਾ ਕਰਕੇ ਚੌਕੋਰ ਜੇਬ ਬਣਾ ਲੈਣਾ ਚਾਹੀਦਾ ਹੈ। ਇਹ ਇੱਕ ਗਿਠ ਲੰਮੀ ਅਤੇ ਇੱਕ ਗਿਠ ਚੌੜੀ ਹੋਣੀ ਚਾਹੀਦੀ ਹੈ।
17 ਸੀਨੇ-ਬੰਦ ਉੱਤੇ ਸੁੰਦਰ ਹੀਰਿਆਂ ਦੀਆਂ ਚਾਰ ਕਤਾਰਾਂ ਰਖੀਂ। ਹੀਰਿਆਂ ਦੀ ਪਹਿਲੀ ਕਤਾਰ ਵਿੱਚ ਲਾਲ ਅਕੀਕ, ਸੁਨਿਹਰਾ ਜਬਰਜ਼ਦ ਮੋਤੀ ਅਤੇ ਪੰਨਾ ਹੋਣ।
18 ਦੂਸਰੀ ਕਤਾਰ ਵਿੱਚ ਲਾਲ ਅਕੀਕ, ਨੀਲਮ ਅਤੇ ਦੁਧੀਯਾ ਬਿਲੌਰ ਹੋਣ।
19 ਤੀਸਰੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਹੋਣ।
20 ਚੌਥੀ ਕਤਾਰ ਵਿੱਚ ਬੈਰੁਜ਼, ਸੁਲੇਮਾਨੀ ਤੇ ਯਬੁਸ਼ ਹੋਣ। ਇਨ੍ਹਾਂ ਸਾਰੇ ਹੀਰਿਆਂ ਨੂੰ ਸੋਨੇ ਵਿੱਚ ਮੜੀ।
21 ਸੀਨੇ-ਬੰਦ ਉੱਤੇ ਬਾਰ੍ਹਾਂ ਮੋਤੀ ਹੋਣਗੇ - ਇਸਰਾਏਲ ਦੇ ਹਰੇਕ ਪੁੱਤਰ ਲਈ ਇੱਕ ਮੋਤੀ। ਹਰੇਕ ਮੋਤੀ ਉੱਤੇ ਇਸਰਾਏਲ ਦੇ ਪੁੱਤਰਾਂ ਵਿੱਚੋਂ ਇੱਕ ਨਾਮ ਇੰਝ ਲਿਖੀਂ ਜਿਵੇਂ ਕੋਈ ਕਾਰੀਗਰ ਮੁਹਰ ਬਣਾਉਂਦਾ ਹੈ।
22 “ਸੀਨੇ-ਬੰਦ ਲਈ ਰਸੀ ਵਾਂਗ ਗੁੰਦੀਆਂ ਹੋਈਆਂ ਸ਼ੁਧ ਸੋਨੇ ਦੀਆਂ ਜੰਜੀਰੀਆਂ ਬਣਾਈ।
23 ਦੋ ਸੁਨਿਹਰੀ ਕੁੰਡਲ ਬਣਾਈ ਅਤੇ ਇਨ੍ਹਾਂ ਨੂੰ ਸੀਨੇ-ਬੰਦ ਦੇ ਦੋਹਾਂ ਕਿਨਾਰਿਆਂ ਉੱਤੇ ਪਾ ਦੇਵੀਂ।
24 ਸੋਨੇ ਦੀਆਂ ਦੋਹਾਂ ਜੰਜੀਰੀਆਂ ਨੂੰ ਸੀਨੇ-ਬੰਦ ਦੇ ਸਿਰਿਆਂ ਤੇ ਬਂਨ੍ਹੇ ਕੁੰਡਲਾਂ ਵਿੱਚ ਪਰੋ ਦੇਵੀ।
25 ਸੋਨੇ ਦੀਆਂ ਜੰਜੀਰੀਆਂ ਦੇ ਦੋਹਾਂ ਸਿਰਿਆਂ ਨੂੰ ਏਫ਼ੋਦ ਦੇ ਮੋਢਿਆਂ ਉੱਤੇ, ਇਸਦੇ ਸਾਮ੍ਹਣੇ ਵਾਲੇ ਪਾਸੇ ਦੋਹਾਂ ਖਾਨਿਆਂ ਨਾਲ ਕਸ ਦੇਵੀਂ।
26 ਸੋਨੇ ਦੇ ਦੋ ਹੋਰ ਕੁੰਡਲ ਬਣਾਈ ਅਤੇ ਉਨ੍ਹਾਂ ਨੂੰ ਸੀਨੇ-ਬੰਦ ਦੇ ਦੂਸਰੇ ਦੋਹਾਂ ਕਿਨਾਰਿਆਂ ਨਾਲ ਬੰਨ੍ਹ ਦੇਵੀਂ। ਇਹ ਏਫ਼ੋਦ ਦੇ ਨਾਲ ਲਗਦੇ ਸੀਨੇ-ਬੰਦ ਦੇ ਅੰਦਰਲੇ ਪਾਸੇ ਹੋਣਗੇ।
27 ਸੋਨੇ ਦੇ ਦੋ ਹੋਰ ਕੁੰਡਲ ਬਣਾਈ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਮੋਢੇ ਦਿਆਂ ਕਤਰਾਂ ਦੇ ਹੇਠਲੇ ਪਾਸੇ ਰਖੀਂ। ਏਫ਼ੋਦ ਦੀ ਪੇਟੀ ਦੇ ਉੱਪਰ ਵੀ ਸੋਨੇ ਦੇ ਕੁੰਡਲ ਰਖੀਂ।
28 ਸੀਨੇ-ਬੰਦ ਕੁੰਡਲਾਂ ਨੂੰ ਏਫ਼ੋਦ ਦੇ ਕੁੰਡਲਾਂ ਨਾਲ ਬੰਨ੍ਹਣ ਲਈ ਨੀਲੀਆਂ ਡੋਰਾ ਦੀ ਵਰਤੋਂ ਇੰਝ ਕਰੀਂ ਕਿ ਸੀਨੇ-ਬੰਦ ਪੇਟੀ ਦੇ ਨੇੜੇ ਹੋਵੇਗਾ ਅਤੇ ਏਫ਼ੋਦ ਦੇ ਨਾਲ ਲਗਿਆ।
29 “ਜਦੋਂ ਹਾਰੂਨ ਪਵਿੱਤਰ ਥਾਂ ਅੰਦਰ ਦਾਖਲ ਹੋਵੇਗਾ, ਉਸਨੂੰ ਸੀਨੇ-ਬੰਦ ਪਹਿਨਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਇਸਰਾਏਲ ਦੇ ਬਾਰ੍ਹਾਂ ਪੁੱਤਰਾਂ ਦੇ ਨਾਮ ਆਪਣੇ ਦਿਲ ਦੇ ਉੱਪਰ ਕਰਕੇ ਪਹਿਨੇਗਾ ਅਤੇ ਯਹੋਵਾਹ ਉਨ੍ਹਾਂ ਨੂੰ ਹਮੇਸ਼ਾ ਚੇਤੇ ਰਖੇਗਾ।
30 ਊਰੀਮ ਅਤੇ ਥੁੰਮੀਮ ਨੂੰ ਸੀਨੇ-ਬੰਦ ਦੇ ਅੰਦਰ ਰਖੀਂ। ਇਹ ਹਾਰੂਨ ਦੇ ਦਿਲ ਦੇ ਉੱਪਰ ਹੋਣਗੇ ਜਦੋਂ ਉਹ ਯਹੋਵਾਹ ਦੇ ਸਾਮ੍ਹਣੇ ਜਾਵੇਗਾ। ਇਸ ਲਈ ਜਦੋਂ ਹਾਰੂਨ ਯਹੋਵਾਹ ਦੇ ਸਾਮ੍ਹਣੇ ਹਮੇਸ਼ਾ ਆਪਣੇ ਨਾਲ ਇਸਰਾਏਲ ਦੇ ਲੋਕਾਂ ਬਾਰੇ ਨਿਰਣਾ ਕਰਨ ਦਾ ਰਸਤਾ ਆਪਣੇ ਨਾਲ ਚੁੱਕੇਗਾ।
31 “ਏਫ਼ੋਦ ਲਈ ਇੱਕ ਨੀਲਾ ਚੋਲਾ ਬਣਾਉ।
32 ਇਸਦੇ ਕੇਂਦਰ ਵਿੱਚ ਸਿਰ ਵਾਸਤੇ ਇੱਕ ਸੁਰਾਖ ਬਣਾਉ, ਅਤੇ ਇਸ ਸੁਰਾਖ ਦੇ ਆਲੇ-ਦੁਆਲੇ ਇੱਕ ਕੱਪੜਾ ਸਿਉਂਕੇ ਲਗਾਉ। ਇਹ ਕੱਪੜਾ ਇੱਕ ਕਾਲਰ ਵਾਂਗ ਹੋਵੇਗਾ ਜਿਹੜਾ ਸੁਰਾਖ ਨੂੰ ਪਾਟਣ ਤੋਂ ਰੋਕੇਗਾ।
33 ਕੱਪੜੇ ਦੇ ਅਨਾਰ ਬਨਾਉਣ ਲਈ ਨੀਲੇ ਬੈਂਗਣੀ ਅਤੇ ਲਾਲ ਸੂਤ ਦੀ ਵਰਤੋਂ ਕਰੋ। ਇਨ੍ਹਾਂ ਅਨਾਰਾਂ ਨੂੰ ਚੋਲੇ ਦੇ ਹੇਠਲੇ ਸਿਰੇ ਉੱਤੇ ਲਟਕਾਉ। ਅਤੇ ਅਨਾਰਾਂ ਦੇ ਵਿਚਕਾਰ ਸੋਨੇ ਦੇ ਘੁੰਗਰੂ ਲਟਕਾਉ।
34 ਇਸ ਤਰ੍ਹਾਂ ਚੋਲੇ ਦੇ ਹੇਠਲੇ ਸਿਰੇ ਉੱਤੇ ਘੁੰਗਰੂ ਅਤੇ ਅਨਾਰ ਹੋਣੇ ਚਾਹੀਦੇ ਹਨ। ਹਰੇਕ ਅਨਾਰ ਦੇ ਵਿਚਕਾਰ ਇੱਕ ਘੁੰਗਰੂ ਹੋਣਾ ਚਾਹੀਦਾ ਹੈ।
35 ਹਾਰੂਨ ਇਸ ਚੋਲੇ ਨੂੰ ਉਦੋਂ ਪਹਿਨੇਗਾ ਜਦੋਂ ਉਹ ਜਾਜਕ ਵਜੋਂ ਸੇਵਾ ਕਰੇਗਾ। ਜਿਵੇਂ ਹੀ ਹਾਰੂਨ ਯਹੋਵਾਹ ਦੇ ਸਨਮੁੱਖ ਖੜਾ ਹੋਣ ਲਈ ਪਵਿੱਤਰ ਸਥਾਨ ਉੱਤੇ ਜਾਵੇਗਾ ਇਹ ਘੁੰਗਰੂ ਵੱਜਣਗੇ। ਅਤੇ ਜਦੋਂ ਉਹ ਪਵਿੱਤਰ ਸਥਾਨ ਤੋਂ ਬਾਹਰ ਆਵੇਗਾ ਤਾਂ ਘੁੰਗਰੂ ਵੱਜਣਗੇ। ਇਸ ਤਰ੍ਹਾਂ ਕਰਨ ਨਾਲ ਹਾਰੂਨ ਮਰੇਗਾ ਨਹੀਂ।
36 “ਨਮੂਨਿਆਂ ਨਾਲ ਉਕਰੀ ਹੋਈ ਸੁਨਿਹਰੀ ਫ਼ੱਟੀ ਬਣਾਓ ਅਤੇ ਇਸ ਉੱਤੇ ਇਹ ਸ਼ਬਦ ਇੰਝ ਲਿਖੋ ਜਿਵੇਂ ਲੋਕ ਮੁਹਰ ਬਣਾਉਂਦੇ ਹਨ।
37 ਸੁਨਿਹਰੀ ਫ਼ੱਟੀ ਨੂੰ ਅਮਾਮੇ ਦੇ ਸਾਮ੍ਹਣੇ ਵਾਲੇ ਪਾਸੇ ਇੱਕ ਨੀਲੇ ਰਿਬਨ ਨਾਲ ਬੰਨ੍ਹੋ।
38 ਹਾਰੂਨ ਇਸਨੂੰ ਆਪਣੇ ਸਿਰ ਉੱਤੇ ਬੰਨ੍ਹੇਗਾ। ਇਸ ਤਰ੍ਹਾਂ ਨਾਲ ਉਹ ਅਜਿਹੇ ਪਾਪ ਨੂੰ ਵੀ ਦੂਰ ਕਰ ਦੇਵੇਗਾ ਜਿਹੜਾ ਇਸਰਾਏਲ ਦੇ ਲੋਕਾਂ ਦੀਆਂ ਸੁਗਾਤਾਂ ਨਾਲ ਸੰਬੰਧਿਤ ਹੋਵੇਗਾ। ਇਹ ਸੁਗਾਤਾਂ ਉਹ ਹਨ ਜੋ ਲੋਕ ਯਹੋਵਾਹ ਨੂੰ ਦਿੰਦੇ ਹਨ। ਹਾਰੂਨ ਇਸਨੂੰ ਹਮੇਸ਼ਾ ਆਪਣੇ ਸਿਰ ਉੱਤੇ ਪਹਿਨੇਗਾ ਤਾਂ ਜੋ ਯਹੋਵਾਹ ਲੋਕਾਂ ਦੀਆਂ ਸੁਗਾਤਾਂ ਨੂੰ ਪਰਵਾਨ ਕਰ ਲਵੇ।
39 “ਉਣਿਆ ਹੋਇਆ ਚਿੱਟਾ ਚੋਲਾ ਬਨਾਉਣ ਲਈ ਮਹੀਨ ਕੱਪੜੇ ਦੀ ਵਰਤੋਂ ਕਰੋ ਅਤੇ ਅਮਾਮਾ ਬਨਾਉਣ ਲਈ ਵੀ ਮਹੀਨ ਕੱਪੜਾ ਵਰਤੋਂ। ਪੇਟੀ ਉੱਤੇ ਨਮੂਨੇ ਕੱਢੇ ਹੋਣੇ ਚਾਹੀਦੇ ਹਨ।
40 ਹਾਰੂਨ ਦੇ ਪੁੱਤਰਾਂ ਲਈ ਵੀ ਕੋਟ, ਪੇਟੀਆਂ ਅਤੇ ਅਮਾਮੇ ਬਣਾਉ। ਪਹਿਨਣ ਵਾਲੇ ਕੱਪੜੇ ਉਨ੍ਹਾਂ ਨੂੰ ਸਤਿਕਾਰ ਦੇਣਗੇ ਅਤੇ ਗੌਰਵਮਈ ਬਨਾਉਣਗੇ।
41 ਆਪਣੇ ਭਰਾ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਬਸਤਰ ਪਹਿਨਾਓ। ਫ਼ੇਰ ਉਨ੍ਹਾਂ ਨੂੰ ਜਾਜਕ ਬਨਾਉਣ ਲਈ ਉਨ੍ਹਾਂ ਉੱਪਰ ਖਾਸ ਤੇਲ ਦਾ ਛਿੜਕਾਉ ਕਰੋ। ਇਹ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਅਤੇ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰਨਗੇ।
42 “ਜਾਜਕਾਂ ਦੇ ਅੰਦਰਲੇ ਵਸਤਰਾਂ ਲਈ ਲਿਨਨ ਦੀ ਵਰਤੋਂ ਕਰੋ। ਇਹ ਅੰਦਰਲੇ ਵਸਤਰ ਉਨ੍ਹਾਂ ਨੂੰ ਲੱਕ ਤੋਂ ਲੈਕੇ ਪੱਟਾਂ ਤੱਕ ਕੱਜਣਗੇ।
43 ਹਾਰੂਨ ਤੇ ਉਸਦੇ ਪੁੱਤਰਾਂ ਨੂੰ ਹਰ ਉਸ ਸਮੇਂ ਇਹ ਵਸਤਰ ਪਹਿਣਣੇ ਚਾਹੀਦੇ ਹਨ ਜਦੋਂ ਉਹ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਣ। ਜਦੋਂ ਵੀ ਉਹ ਪਵਿੱਤਰ ਸਥਾਨ ਉੱਤੇ ਜਗਵੇਦੀ ਦੇ ਨੇੜੇ ਜਾਜਕਾਂ ਵਜੋਂ ਸੇਵਾ ਕਰਨ ਲਈ ਆਉਣ ਉਨ੍ਹਾਂ ਨੂੰ ਇਹ ਵਸਤਰ ਜ਼ਰੂਰ ਪਹਿਨਣੇ ਚਾਹੀਦੇ ਹਨ। ਜੇ ਉਹ ਇਹ ਵਸਤਰ ਨਹੀਂ ਪਹਿਨਣਗੇ ਤਾਂ ਉਹ ਗੁਨਾਹ ਦੇ ਦੋਸ਼ੀ ਹੋਣਗੇ ਅਤੇ ਉਨ੍ਹਾਂ ਨੂੰ ਮਰਨਾ ਪਵੇਗਾ। ਇਹ ਸਾਰਾ ਕੁਝ ਅਜਿਹੀ ਬਿਧੀ ਹੋਣੀ ਚਾਹੀਦੀ ਹੈ ਜੋ ਹਾਰੂਨ ਅਤੇ ਉਸਦੇ ਬਾਦ ਉਸਦੇ ਸਾਰੇ ਪਰਿਵਾਰ ਲਈ ਹਮੇਸ਼ਾ ਜਾਰੀ ਰਹੇ।”