Home

ਗਿਣਤੀ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36


-Reset+

ਕਾਂਡ 8

1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਹਾਰੂਨ ਨੂੰ ਆਖ ਕਿ ਉਹ ਸੱਤ ਦੀਵਿਆਂ ਨੂੰ ਉਸ ਥਾਂ ਰੱਖੇ ਜਿਹੜੀ ਮੈਂ ਤੈਨੂੰ ਦਿਖਾਈ ਸੀ। ਇਹ ਦੀਵੇ ਸ਼ਮਾਦਾਨ ਦੇ ਸਾਮ੍ਹਣੇ ਦੇ ਖੇਤਰ ਨੂੰ ਰੌਸ਼ਨ ਕਰਨਗੇ।”
3 ਹਾਰੂਨ ਨੇ ਇਵੇਂ ਹੀ ਕੀਤਾ। ਹਾਰੂਨ ਨੇ ਦੀਵਿਆਂ, ਨੂੰ ਸਹੀ ਥਾਂ ਰੱਖਿਆ ਅਤੇ ਉਨ੍ਹਾਂ ਦਾ ਰੁਖ ਇਸ ਤਰ੍ਹਾਂ ਕਰ ਦਿੱਤਾ ਕਿ ਉਹ ਸ਼ਮਾਦਾਨ ਦੇ ਸਾਮ੍ਹਣੇ ਵਾਲੇ ਪਾਸੇ ਨੂੰ ਰੌਸ਼ਨ ਕਰਦੇ ਸਨ। ਉਸਨੇ ਉਸ ਆਦੇਸ਼ ਨੂੰ ਪੂਰਾ ਕੀਤਾ ਜਿਹੜਾ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ।
4 ਸ਼ਮਾਦਾਨ ਇਸ ਤਰ੍ਹਾਂ ਬਣਾਇਆ ਗਿਆ ਸੀ: ਇਹ ਹੇਠਾਂ ਸੁਨਿਹਰੀ ਆਧਾਰ ਤੋਂ ਲੈਕੇ ਉੱਪਰ ਸੁਨਿਹਰੀ ਫ਼ੁੱਲਾਂ ਤੱਕ ਸੋਨੇ ਦੇ ਪੱਤਰੇ ਨਾਲ ਬਣਾਇਆ ਗਿਆ ਸੀ। ਇਹ ਉਸੇ ਨਮੂਨੇ ਦਾ ਸੀ ਜਿਸ ਤਰ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਦਿਖਾਇਆ ਸੀ।
5 ਯਹੋਵਾਹ ਨੇ ਮੂਸਾ ਨੂੰ ਆਖਿਆ,
6 “ਲੇਵੀਆਂ ਨੂੰ ਇਸਰਾਏਲ ਦੇ ਹੋਰਨਾਂ ਲੋਕਾਂ ਤੋਂ ਵੱਖ ਕਰ ਲਵੋ। ਉਨ੍ਹਾਂ ਲੇਵੀਆਂ ਨੂੰ ਪਵਿੱਤਰ ਬਣਾ ਦਿਉ।
7 ਉਨ੍ਹਾਂ ਨੂੰ ਪਵਿੱਤਰ ਬਨਾਉਣ ਲਈ ਤੁਹਾਨੂੰ ਇਹ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਉੱਤੇ ਪਾਪ ਦੀ ਭੇਟ ਦਾ ਖਾਸ ਪਾਣੀ ਛਿੜਕੋ। ਇਹ ਪਾਣੀ ਉਨ੍ਹਾਂ ਨੂੰ ਪਵਿੱਤਰ ਬਣਾ ਦੇਵੇਗਾ। ਫ਼ੇਰ ਉਨ੍ਹਾਂ ਨੂੰ ਆਪਣੇ ਸ਼ਰੀਰ ਦੇ ਵਾਲ ਮੁੰਨਣੇ ਚਾਹੀਦੇ ਹਨ ਅਤੇ ਕੱਪੜੇ ਧੋਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੇ ਸ਼ਰੀਰ ਪਵਿੱਤਰ ਹੋ ਜਾਣਗੇ।
8 “ਲੇਵੀ ਆਦਮੀਆਂ ਨੂੰ ਤੇਲ ਨਾਲ ਮਿਲੇ ਮੈਦੇ ਦੀ ਅਨਾਜ਼ ਦੀ ਭੇਟ ਦੇ ਨਾਲ ਵਹਿੜਕਾ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਪਾਪ ਦੀ ਭੇਟ ਵਜੋਂ ਇੱਕ ਹੋਰ ਜਵਾਨ ਬਲਦ ਲੈਣਾ ਚਾਹੀਦਾ ਹੈ।
9 ਲੇਵੀ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਵਾਲੇ ਪਾਸੇ ਲਿਆਉ। ਫ਼ੇਰ ਇਸਰਾਏਲ ਦੇ ਸਮੂਹ ਲੋਕਾਂ ਨੂੰ ਉਥੇ ਇਕਠਾ ਕਰੋ।
10 ਲੇਵੀ ਲੋਕਾਂ ਨੂੰ ਯਹੋਵਾਹ ਦੇ ਸਮੂਹ ਦੇ ਸਾਮ੍ਹਣੇ ਲਿਆਉ। ਇਸਰਾਏਲ ਦੇ ਲੋਕ ਉਨ੍ਹਾਂ ਉੱਤੇ ਆਪਣੇ ਹੱਥ ਧਰਨਗੇ।
11 ਫ਼ੇਰ ਹਾਰੂਨ ਲੇਵੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰੇਗਾ। ਉਹ ਇਸਰਾਏਲ ਦੇ ਲੋਕਾਂ ਵੱਲੋਂ ਪਰਮੇਸ਼ੁਰ ਲਈ ਭੇਟ ਵਾਂਗ ਹੋਣਗੇ। ਇਸ ਤਰ੍ਹਾਂ, ਲੇਵੀ ਯਹੋਵਾਹ ਲਈ ਆਪਣਾ ਖਾਸ ਕੰਮ ਕਰਨ ਲਈ ਤਿਆਰ ਹੋਣਗੇ।
12 “ਲੇਵੀਆਂ ਨੂੰ ਆਖਣਾ ਕਿ ਉਹ ਵਹਿੜਕਿਆਂ ਦੇ ਸਿਰਾਂ ਉੱਤੇ ਆਪਣੇ ਹੱਥ ਰੱਖਣ। ਇੱਕ ਵਹਿੜਕਾ ਯਹੋਵਾਹ ਲਈ ਪਾਪ ਦੀ ਭੇਟ ਹੋਵੇਗਾ ਅਤੇ ਦੂਸਰੇ ਵਹਿੜਕੇ ਨੂੰ ਹੋਮ ਦੀ ਭੇਟ ਵਜੋਂ ਇਸਤੇਮਾਲ ਕੀਤਾ ਜਾਵੇਗਾ। ਇਹ ਭੇਟਾ ਲੇਵੀਆਂ ਲਈ ਪਰਾਸਚਿਤ ਕਰਨਗੀਆਂ।
13 ਲੇਵੀ ਲੋਕਾਂ ਨੂੰ ਆਖਣਾ ਕਿ ਉਹ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਸਾਮ੍ਹਣੇ ਖੜੇ ਹੋ ਜਾਣ। ਫ਼ੇਰ ਲੇਵੀ ਆਦਮੀਆਂ ਨੂੰ ਯਹੋਵਾਹ ਨੂੰ ਸਮਰਪਿਤ ਕਰ ਦੇਣਾ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਾਗੇ।
14 ਇਸ ਨਾਲ ਲੇਵੀ ਲੋਕ ਪਵਿੱਤਰ ਬਣ ਜਾਣਗੇ। ਇਹ ਗੱਲ ਇਹ ਦਰਸਾਵੇਗੀ ਕਿ ਉਨ੍ਹਾਂ ਦੀ ਪਰਮੇਸ਼ੁਰ ਲਈ ਖਾਸ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਉਹ ਇਸਰਾਏਲ ਦੇ ਹੋਰਨਾਂ ਲੋਕਾਂ ਕੋਲੋਂ ਵਖਰੇ ਹੋਣਗੇ। ਲੇਵੀ ਲੋਕ ਮੇਰੇ ਹੋਣਗੇ।
15 “ਇਸ ਲਈ ਲੇਵੀ ਲੋਕਾਂ ਨੂੰ ਪਵਿੱਤਰ ਬਣਾਉ। ਅਤੇ ਉਨ੍ਹਾਂ ਨੂੰ ਯਹੋਵਾਹ ਅੱਗੇ ਸਮਰਪਿਤ ਕਰੋ। ਉਹ ਇੱਕ ਹਿਲਾਉਣ ਦੀ ਭੇਟ ਵਾਂਗ ਹੋਣਗੇ। ਜਦੋਂ ਤੁਸੀਂ ਇਹ ਕਰ ਚੁੱਕੋਂਗੇ ਤਾਂ ਉਹ ਆ ਸਕਦੇ ਹਨ ਅਤੇ ਮੰਡਲੀ ਵਾਲੇ ਤੰਬੂ ਵਿਖੇ ਆਪਣਾ ਕੰਮ ਕਰ ਸਕਦੇ ਹਨ।
16 ਇਸਰਾਏਲੀ ਲੋਕ ਮੇਰੇ ਲਈ ਲੇਵੀਆਂ ਨੂੰ ਸਮਰਪਿਤ ਕਰਨਗੇ। ਉਹ ਮੇਰੇ ਹੋਣਗੇ ਅਤੀਤ ਵਿੱਚ ਮੈਂ ਹਰੇਕ ਇਸਰਾਏਲ ਪਰਿਵਾਰ ਨੂੰ ਆਖਿਆ ਸੀ ਕਿ ਉਹ ਆਪਣਾ ਪਲੇਠਾ ਪੁੱਤਰ ਮੈਨੂੰ ਭੇਟ ਕਰਨ। ਪਰ ਹੁਣ ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾਂ ਦੇ ਪਲੇਠੇ ਪੁੱਤਰਾਂ ਬਦਲੇ ਲੇਵੀ ਲੋਕਾਂ ਨੂੰ ਲੈ ਰਿਹਾ ਹਾਂ।
17 ਇਸਰਾਏਲ ਦਾ ਹਰ ਪਲੇਠਾ ਨਰ ਮੇਰਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਆਦਮੀ ਹੈ ਜਾਂ ਜਾਨਵਰ, ਇਹ ਫ਼ੇਰ ਵੀ ਮੇਰਾ ਹੈ। ਕਿਉਂਕਿ ਮੈਂ ਮਿਸਰ ਦੇ ਸਮੂਹ ਪਲੇਠੇ ਬੱਚਿਆਂ ਅਤੇ ਜਾਨਵਰਾ ਨੂੰ ਮਾਰ ਦਿੱਤਾ ਸੀ ਅਤੇ ਮੈਂ ਪਲੇਠੇ ਪੁੱਤਰਾਂ ਨੂੰ ਆਪਣਾ ਬਨਾਉਣ ਦੀ ਚੋਣ ਕੀਤੀ ਸੀ।
18 ਪਰ ਹੁਣ ਮੈਂ ਉਨ੍ਹਾਂ ਦੀ ਥਾਵੇਂ ਲੇਵੀ ਲੋਕਾਂ ਨੂੰ ਲੈ ਲਵਾਂਗਾ। ਮੈਂ ਇਸਰਾਏਲ ਦੇ ਹੋਰਨਾਂ ਪਰਿਵਾਰਾ ਦੇ ਪਲੇਠੇ ਪੁੱਤਰਾਂ ਦੀ ਥਾਵੇ ਲੇਵੀ ਲੋਕਾਂ ਨੂੰ ਲੈ ਲਵਾਂਗਾ।
19 ਮੈਂ ਇਸਰਾਏਲ ਦੇ ਸਾਰੇ ਲੋਕਾਂ ਵਿੱਚੋਂ ਲੇਵੀ ਲੋਕਾਂ ਦੀ ਚੋਣ ਕੀਤੀ ਸੀ। ਅਤੇ ਮੈਂ ਉਨ੍ਹਾਂ ਨੂੰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਸੁਗਾਤ ਵਜੋਂ ਦੇ ਦੇਵਾਂਗਾ। ਮੈਂ ਚਾਹੁੰਦਾ ਹਾਂ ਕਿ ਉਹ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ। ਉਹ ਇਸਰਾਏਲ ਦੇ ਸਮੂਹ ਲੋਕਾਂ ਲਈ ਸੇਵਾ ਕਰਨਗੇ। ਉਹ ਅਜਿਹੀਆਂ ਬਲੀਆਂ ਦੇਣ ਵਿੱਚ ਸਹਾਇਤਾ ਕਰਨਗੇ ਜਿਹੜੀਆਂ ਇਸਰਾਏਲ ਦੇ ਲੋਕਾਂ ਨੂੰ ਪਵਿੱਤਰ ਬਨਾਉਣਗੀਆਂ। ਫ਼ੇਰ ਇਸਰਾਏਲ ਦੇ ਲੋਕਾਂ ਨੂੰ ਸਹਾਇਤਾ ਜਾਂ ਬਿਪਤਾ ਨਹੀਂ ਪਵੇਗੀ ਜਦੋਂ ਉਹ ਪਵਿੱਤਰ ਸਥਾਨ ਦੇ ਨੇੜੇ ਆਉਣਗੇ।”
20 ਇਸ ਲਈ, ਮੂਸਾ, ਹਾਰੂਨ ਅਤੇ ਇਸਰਾਏਲ ਦੇ ਸਮੂਹ ਲੋਕਾਂ ਨੇ ਯਹੋਵਾਹ ਦਾ ਹੁਕਮ ਮੰਨਿਆ। ਉਨ੍ਹਾਂ ਨੇ ਲੇਵੀ ਲੋਕਾਂ ਲਈ ਉਹ ਸਾਰਾ ਕੁਝ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
21 ਲੇਵੀਆਂ ਨੇ ਇਸਨਾਨ ਕੀਤਾ ਅਤੇ ਕੱਪੜੇ ਧੋਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਅਰਪਿਤ ਕਰ ਹਾਰੂਨ ਨੂੰ ਉਹ ਚੜਾਵੇ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਦੇ ਪਾਪ ਢਕ ਲਈ ਅਤੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ।
22 ਇਸਤੋਂ ਮਗਰੋਂ, ਲੇਵੀ ਲੋਕ ਆਪਣਾ ਕੰਮ ਕਰਨ ਲਈ ਮੰਡਲੀ ਵਾਲੇ ਤੰਬੂ ਵੱਲ ਆਏ। ਹਾਰੂਨ ਅਤੇ ਉਸਦੇ ਪੁੱਤਰਾਂ ਨੇ ਉਨ੍ਹਾਂ ਦੀ ਨਿਗਰਾਨੀ ਕੀਤੀ। ਉਹ ਇਨ੍ਹਾਂ ਲੇਵੀ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਸਨ। ਹਾਰੂਨ ਅਤੇ ਉਸਦੇ ਪੁੱਤਰਾਂ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਮੂਸਾ ਨੂੰ ਆਦੇਸ਼ ਦਿੱਤਾ ਸੀ।
23 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
24 “ਲੇਵੀ ਲੋਕਾਂ ਲਈ ਇਹ ਖਾਸ ਆਦੇਸ਼ ਹੈ: ਹਰੇਕ ਲੇਵੀ ਬੰਦਾ ਜਿਹੜਾ 25 ਵਰ੍ਹਿਆ ਦਾ ਜਾਂ ਇਸਤੋਂ ਵੱਡਾ ਹੈ। ਮੰਡਲੀ ਵਾਲੇ ਤੰਬੂ ਦੇ ਕੰਮ ਵਿੱਚ ਹਿੱਸਾ ਲੈਣ ਲਈ ਜ਼ਰੂਰ ਆਵੇ।
25 ਪਰ ਜਦੋਂ ਕੋਈ ਆਦਮੀ 50 ਸਾਲ ਦਾ ਹੋ ਜਾਵੇ ਤਾਂ ਉਸਨੂੰ ਆਪਣੇ ਕੰਮ ਤੋਂ ਸੇਵਾ ਮੁਕਤ ਹੋ ਜਾਣਾ ਚਾਹੀਦਾ ਹੈ। ਉਸਨੂੰ ਫ਼ੇਰ ਕੰਮ ਕਰਨ ਦੀ ਲੋੜ ਨਹੀਂ ਹੋਵੇਗੀ।
26 ਉਹ ਆਦਮੀ ਜਿਹੜੇ 50 ਸਾਲ ਜਾਂ ਇਸਤੋਂ ਵਡੇਰੀ ਉਮਰ ਦੇ ਹਨ ਆਪਣੇ ਭਰਾਵਾਂ ਦੀ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਖੁਦ ਕੰਮ ਨਹੀਂ ਕਰਨਾ ਚਾਹੀਦਾ। ਇੰਝ ਤੁਹਾਨੂੰ ਲੇਵੀਆਂ ਨਾਲ ਉਨ੍ਹਾਂ ਦੇ ਕੰਮ ਬਾਰੇ ਪੇਸ਼ ਆਉਣਾ ਚਾਹੀਦਾ ਹੈ।”