1  ਮਿਸਫ਼ਾਹ ਵਿਖੇ ਸਰਾਏਲ ਦੇ ਲੋਕਾਂ ਨੇ ਇੱਕ ਇਕਰਾਰ ਕੀਤਾ। ਉਨ੍ਹਾਂ ਦਾ ਇਕਰਾਰ ਇਹ ਸੀ: “ਸਾਡੇ ਵਿੱਚੋਂ ਕੋਈ ਵੀ ਬੰਦਾ ਆਪਣੀ ਧੀ ਦਾ ਰਿਸ਼ਤਾ ਬਿਨਯਾਮੀਨ ਦੇ ਪਰਿਵਾਰ-ਸਮੂਹ ਨਾਲ ਨਹੀਂ ਕਰੇਗਾ।”
2  ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਵਿੱਚ ਗਏ। ਉਥੇ ਉਹ ਸ਼ਾਮ ਤੱਕ ਪਰਮੇਸ਼ੁਰ ਦੇ ਅੱਗੇ ਬੈਠ ਰਹੇ। ਉਨ੍ਹਾਂ ਨੇ ਉੱਚੀਆਂ ਆਵਾਜ਼ਾਂ ਵਿੱਚ ਪੁਕਾਰ ਕੀਤੀ ਅਤੇ ਜ਼ਾਰੋ-ਜ਼ਾਰ ਰੋਏ।
3  ਉਨ੍ਹਾਂ ਨੇ ਪਰਮੇਸ਼ੁਰ ਨੂੰ ਆਖਿਆ, “ਯਹੋਵਾਹ ਤੂੰ ਇਸਰਾਏਲ ਦਾ ਪਰਮੇਸ਼ੁਰ ਹੈਂ। ਸਾਡੇ ਨਾਲ ਇਹ ਭਿਆਨਕ ਘਟਨਾ ਕਿਉਂ ਵਾਪਰੀ? ਇਸਰਾਏਲ ਤੋਂ ਇੱਕ ਪਰਿਵਾਰ-ਸਮੂਹ ਅਡ੍ਡ ਕਿਉਂ ਹੋਵੇ?”
4  ਦੂਸਰੇ ਦਿਨ ਸੁਵਖਤੇ ਹੀ, ਇਸਰਾਏਲ ਦੇ ਲੋਕਾਂ ਨੇ ਇੱਕ ਜਗਵੇਦੀ ਉਸਾਰੀ। ਉਨ੍ਹਾਂ ਨੇ ਉਸ ਜਗਵੇਦੀ ਉੱਤੇ ਪਰਮੇਸ਼ੁਰ ਅੱਗੇ ਹੋਮ ਦੀਆਂ ਭੇਟਾ ਅਤੇ ਸੁਖ-ਸਾਂਦ ਦੀਆਂ ਭੇਟਾ ਚੜਾਈਆਂ।
5  ਫ਼ੇਰ ਇਸਰਾਏਲ ਦੇ ਲੋਕਾਂ ਨੇ ਆਖਿਆ, ‘ਕੀ ਇਸਰਾਏਲ ਦਾ ਕੋਈ ਹੋਰ ਵੀ ਪਰਿਵਾਰ-ਸਮੂਹ ਹੈ ਜੋ ਯਹੋਵਾਹ ਦੇ ਸਾਮ੍ਹਣੇ ਇਕਤ੍ਰ੍ਰ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੇ ਇਹ ਸਵਾਲ ਇਸ ਲਈ ਪੁਛਿਆ ਕਿਉਂਕਿ ਉਨ੍ਹਾਂ ਨੇ ਇੱਕ ਬੜਾ ਗੰਭੀਰ ਇਕਰਾਰ ਕੀਤਾ ਸੀ। ਕਿ ਜਿਹੜਾ ਵੀ ਕੋਈ ਹੋਰਨਾ ਪਰਿਵਾਰ-ਸਮੂਹਾਂ ਦਾ ਸੰਗ ਮਿਸਫ਼ਾਹ ਵਿਖੇ ਨਹੀਂ ਆਏਗਾ ਉਸਨੂੰ ਮਾਰ ਦਿੱਤਾ ਜਾਵੇਗਾ।
6   ਫ਼ੇਰ ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ, ਆਪਣੇ ਰਿਸ਼ਤੇਦਾਰਾਂ ਲਈ ਅਫ਼ਸੋਸ ਮਨਾਇਆ। ਅਤੇ ਆਖਿਆ, “ਅੱਜ ਇਸਰਾਏਲ ਤੋਂ ਇੱਕ ਪਰਿਵਾਰ-ਸਮੂਹ ਵੱਖ ਹੋ ਗਿਆ ਹੈ।
7  ਅਸੀਂ ਯਹੋਵਾਹ ਅੱਗੇ ਇਕਰਾਰ ਕੀਤਾ ਹੈ। ਅਸੀਂ ਇਕਰਾਰ ਕਰਦੇ ਹਾਂ ਕਿ ਆਪਣੀਆਂ ਧੀਆਂ ਨੂੰ ਬਿਨਯਾਮੀਨ ਦੇ ਆਦਮੀਆਂ ਨਾਲ ਵਿਆਹ ਨਹੀਂ ਕਰਨ ਦਿਆਂਗੇ। ਅਸੀਂ ਇਸ ਗੱਲ ਦਾ ਪੱਕ ਕਿਵੇਂ ਕਰਾਂਗੇ ਕਿ ਬਿਨਯਾਮੀਨ ਦੇ ਆਦਮੀਆਂ ਨੂੰ ਪਤਨੀਆਂ ਮਿਲਣ?”
8  ਤਾਂ ਇਸਰਾਏਲ ਦੇ ਲੋਕਾਂ ਨੇ ਪੁਛਿਆ, “ਇਸਰਾਏਲ ਦੇ ਪਰਿਵਾਰ-ਸਮੂਹਾਂ ਵਿੱਚੋਂ ਕਿਹੜਾ ਪਰਿਵਾਰ ਇੱਥੇ ਮਿਸਫ਼ਾਹ ਵਿਖੇ ਨਹੀਂ ਆਇਆ? ਅਸੀਂ ਸਾਰੇ ਹੀ ਯਹੋਵਾਹ ਅੱਗੇ ਇਕਠੇ ਹੋਕੇ ਆਏ ਹਾਂ। ਅਵੱਸ਼ ਹੀ ਇੱਕ ਪਰਿਵਾਰ ਇੱਥੇ ਨਹੀਂ ਸੀ!” ਫ਼ੇਰ ਉਨ੍ਹਾਂ ਨੂੰ ਪਤਾ ਚਲਿਆ ਕਿ ਯ੍ਯਾਬੇਸ਼ ਗਿਲਆਦ ਦੇ ਸ਼ਹਿਰ ਤੋਂ ਕੋਈ ਵੀ ਇਸਰਾਏਲ ਦੇ ਹੋਰਨਾਂ ਲੋਕਾਂ ਦੇ ਇਕਠ ਵਿੱਚ ਆਕੇ ਨਹੀਂ ਰਲਿਆ ਸੀ।
9  ਇਸਰਾਏਲ ਦੇ ਲੋਕਾਂ ਨੇ ਗਿਣਤੀ ਕੀਤੀ ਕਿ ਕਿਹੜਾ ਉਥੇ ਸੀ ਅਤੇ ਕਿਹੜਾ ਨਹੀਂ ਸੀ। ਉਨ੍ਹਾਂ ਨੂੰ ਪਤਾ ਚਲਿਆ ਕਿ ਯ੍ਯਾਬੇਸ਼ ਗਿਲਆਦ ਦਾ ਉਥੇ ਕੋਈ ਵੀ ਬੰਦਾ ਨਹੀਂ ਸੀ।
10  ਇਸ ਲਈ ਇਸਰਾਏਲ ਦੇ ਲੋਕਾਂ ਨੇ ਯਾਬੇਸ਼ ਗਿਲਆਦ ਸ਼ਹਿਰ ਵੱਲ
12,000 ਸਿਪਾਹੀ ਭੇਜੇ। ਉਨ੍ਹਾਂ ਨੇ ਉਨ੍ਹਾਂ ਸਿਪਾਹੀਆਂ ਨੂੰ ਆਖਿਆ, “ਯਾਬੇਸ਼ ਗਿਲਆਦ ਨੂੰ ਜਾਓ ਅਤੇ ਆਪਣੀਆਂ ਤਲਵਾਰਾਂ ਨਾਲ ਉਥੇ ਰਹਿਣ ਵਾਲੇ ਹਰ ਬੰਦੇ ਨੂੰ ਮਾਰ ਦਿਉ, ਔਰਤਾਂ ਅਤੇ ਬੱਚਿਆਂ ਨੂੰ ਵੀ।
11   ਤੁਹਾਨੂੰ ਇਹ ਅਵੱਸ਼ ਕਰਨਾ ਚਾਹੀਦਾ ਹੈ! ਤੁਹਾਨੂੰ ਯਾਬੇਸ਼ ਗਿਲਆਦ ਦੇ ਹਰ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ। ਹਰ ਉਸ ਔਰਤ ਨੂੰ ਮਾਰ ਦੇਣਾ ਚਾਹੀਦਾ ਹੈ ਜਿਸਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰਖੇ ਹੋਣ। ਪਰ ਕਿਸੇ ਉਸ ਔਰਤ ਨੂੰ ਨਾ ਮਾਰਨਾ ਜਿਸਨੇ ਕਦੇ ਵੀ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਾ ਰਖੇ ਹੋਣ।” ਇਸ ਲਈ ਸਿਪਾਹੀਆਂ ਨੇ ਇਵੇਂ ਹੀ ਕੀਤਾ।
12  ਉਨ੍ਹਾਂ
12,000 ਸਿਪਾਹੀਆਂ ਨੂੰ ਯਾਬੇਸ਼ ਗਿਲਆਦ ਨੂੰ ਸ਼ਹਿਰ ਵਿੱਚ
400 ਮੁਟਿਆਰਾਂ ਅਜਿਹੀਆਂ ਮਿਲੀਆਂ ਜਿਨ੍ਹਾਂ ਨੇ ਕਦੇ ਵੀ ਕਿਸੇ ਆਦਮੀ ਨਾਲ ਸੰਭੋਗ ਨਹੀਂ ਸੀ ਕੀਤਾ। ਸਿਪਾਹੀਆਂ ਨੇ ਇਨ੍ਹਾਂ ਔਰਤਾਂ ਨੂੰ ਸ਼ੀਲੋਹ ਦੇ ਡੇਰੇ ਵਿਖੇ ਲਿਆਂਦਾ। ਸ਼ੀਲੋਹ ਕਨਾਨ ਦੀ ਧਰਤੀ ਉੱਤੇ ਹੈ।
13  ਫ਼ੇਰ ਇਸਰਾਏਲ ਦੇ ਲੋਕਾਂ ਨੇ ਬਿਨਯਾਮੀਨ ਦੇ ਲੋਕਾਂ ਨੂੰ ਇੱਕ ਸੁਨੇਹਾ ਘਲਿਆ। ਉਨ੍ਹ੍ਹਾਂ ਨੇ ਬਿਨਯਾਮੀਨ ਦੇ ਬੰਦਿਆਂ ਨਾਲ ਅਮਨ ਦੀ ਪੇਸ਼ਕਸ਼ ਕੀਤੀ। ਬਿਨਯਾਮੀਨ ਦੇ ਆਦਮੀ ਰਿਂਮੋਨ ਦੀ ਚੱਟਾਨ ਦੇ ਸਥਾਨ ਉੱਤੇ ਸਨ।
14  ਇਸ ਲਈ ਬਿਨਯਾਮੀਨ ਦੇ ਆਦਮੀ ਇਸਰਾਏਲ ਵਾਪਸ ਆ ਗਏ। ਇਸਰਾਏਲ ਦੇ ਲੋਕਾਂ ਨੇ ਉਨ੍ਹਾਂ ਨੂੰ ਯਾਬੇਸ਼ ਗਿਲਆਦ ਦੀਆਂ ਉਹ ਔਰਤਾਂ ਦੇ ਦਿੱਤੀਆਂ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਰਿਆ ਨਹੀਂ ਸੀ। ਪਰ ਬਿਨਯਾਮੀਨ ਦੇ ਸਾਰੇ ਆਦਮੀਆਂ ਲਈ ਇਹ ਔਰਤਾਂ ਕਾਫ਼ੀ ਨਹੀਂ ਸਨ।
15  ਇਸਰਾਏਲ ਦੇ ਲੋਕਾਂ ਨੂੰ ਬਿਨਯਾਮੀਨ ਦੇ ਲੋਕਾਂ ਉੱਤੇ ਅਫ਼ਸੋਸ ਹੋਇਆ। ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦਰਮਿਆਨ ਵਿਥ ਬਣਾ ਦਿੱਤੀ ਸੀ।
16   ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਦੀਆਂ ਔਰਤਾਂ ਮਾਰੀਆਂ ਜਾ ਚੁੱਕੀਆਂ ਹਨ। ਅਸੀਂ ਬਿਨਯਾਮੀਨ ਦੇ ਉਨ੍ਹਾਂ ਆਦਮੀਆਂ ਲਈ, ਜਿਹੜੇ ਹਾਲੇ ਜਿਉਂਦੇ ਹਨ, ਔਰਤਾਂ ਕਿਥੋਂ ਲਿਆ ਸਕਦੇ ਹਾਂ?
17  ਬਿਨਯਾਮੀਨ ਦੇ ਉਨ੍ਹਾਂ ਆਦਮੀਆਂ ਨੂੰ ਜਿਹੜੇ ਹਾਲੇ ਜਿਉਂਦੇ ਹਨ, ਆਪਣੇ ਪਰਿਵਾਰਾਂ ਦੀ ਲੀਹ ਤੋਂਰਨ ਲਈ ਬੱਚਿਆਂ ਦੀ ਲੋੜ ਹੈ। ਅਜਿਹਾ ਅਵੱਸ਼ ਹੋਣਾ ਚਾਹੀਦਾ ਹੈ ਤਾਂ ਜੋ ਇਸਰਾਏਲ ਦਾ ਇੱਕ ਪਰਿਵਾਰ-ਸਮੂਹ ਮਰੇ ਨਾ!
18  ਪਰ ਅਸੀਂ ਆਪਣੀਆਂ ਧੀਆਂ ਨੂੰ ਬਿਨਯਾਮੀਨ ਦੇ ਆਦਮੀਆਂ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਅਸੀਂ ਇਸ ਗੱਲ ਦਾ ਇਕਰਾਰ ਕੀਤਾ ਹੈ ਉਸ ਬੰਦੇ ਦਾ ਬੁਰਾ ਹੋਵੇਗਾ ਜਿਹੜਾ ਕਿਸੇ ਬਿਨਯਾਮੀਨ ਦੇ ਆਦਮੀ ਨੂੰ ਪਤਨੀ ਦੇਵੇਗਾ।
19  ਸਾਨੂੰ ਇੱਕ ਵਿਚਾ ਸੁਝਿਆ ਹੈ! ਸ਼ੀਲੋਹ ਦੇ ਸ਼ਹਿਰ ਵਿਖੇ ਇਹ ਸਮਾਂ ਯਹੋਵਾਹ ਦੇ ਪਰਬ ਦਾ ਹੈ। ਇਹ ਪਰਬ ਉਥੇ ਹਰ ਸਾਲ ਮਨਾਇਆ ਜਾਂਦਾ ਹੈ।” ਸ਼ੀਲੋਹ ਦਾ ਸ਼ਹਿਰ ਬੈਤੇਲ ਸ਼ਹਿਰ ਦੇ ਉੱਤਰ ਵੱਲ ਹੈ, ਅਤੇ ਉਸ ਸੜਕ ਦੇ ਪੂਰਬ ਵੱਲ ਹੈ ਜਿਹੜੀ ਬੈਤੇਲ ਤੋਂ ਸ਼ਕਮ ਨੂੰ ਅਤੇ ਲਬੋਨਾਹ ਦੇ ਦਖਣ ਵੱਲ ਜਾਂਦੀ ਹੈ।
20  ਇਸ ਲਈ ਬਜ਼ੁਰਗਾਂ ਨੇ ਬਿਨਯਾਮੀਨ ਦੇ ਆਦਮੀਆਂ ਨੂੰ ਆਪਣੇ ਵਿਚਾਰ ਬਾਰੇ ਦੱਸਿਆ। ਉਨ੍ਹ੍ਹਾਂ ਨੇ ਆਖਿਆ, “ਜਾਓ ਅਤੇ ਅੰਗੂਰਾਂ ਦੇ ਬਾਗ ਵਿੱਚ ਜਾਕੇ ਛੁਪ ਜਾਵੋ।
21   ਉਸ ਸਮੇਂ ਦਾ ਧਿਆਨ ਰਖੋ ਜਦੋਂ ਉਤਸਵ ਵੇਲੇ ਮੁਟਿਆਰਾਂ ਨਾਚ ਵਿੱਚ ਹਿੱਸਾ ਲੈਣ ਲਈ ਸ਼ੀਲੋਹ ਤੋਂ ਬਾਹਰ ਆਉਂਦੀਆਂ ਹਨ। ਫ਼ੇਰ ਅੰਗੂਰਾਂ ਦੇ ਬਾਗਾਂ ਵਿੱਚੋਂ, ਜਿਥੇ ਤੁਸੀਂ ਛੁਪੇ ਹੋਏ ਹੋ, ਬਾਹਰ ਭੱਜ ਆਓ। ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਸ਼ੀਲੋਹ ਦੇ ਸ਼ਹਿਰ ਦੀ ਇੱਕ ਮੁਟਿਆਰ ਫ਼ੜ ਲੈਣੀ ਚਾਹੀਦੀ ਹੈ। ਉਨ੍ਹਾਂ ਮੁਟਿਆਰਾਂ ਨੂੰ ਬਿਨਯਾਮੀਨ ਦੀ ਧਰਤੀ ਉੱਤੇ ਲੈ ਜਾਇਓ ਅਤੇ ਉਨ੍ਹਾਂ ਨਾਲ ਵਿਆਹ ਕਰ ਲਿਉ।
22  ਉਨ੍ਹਾਂ ਮੁਟਿਆਰਾਂ ਦੇ ਪਿਤਾ ਜਾਂ ਭਰਾ ਸਾਡੇ ਕੋਲ ਸ਼ਿਕਾਇਤ ਲੈਕੇ ਆਉਣਗੇ। ਪਰ ਅਸੀਂ ਆਖਾਂਗੇ, ‘ਬਿਨਯਾਮੀਨ ਦੇ ਆਦਮੀਆਂ ਉੱਤੇ ਮਿਹਰਬਾਨੀ ਕਰੋ। ਉਨ੍ਹਾਂ ਨੂੰ ਉਨ੍ਹਾਂ ਮੁਟਿਆਰਾਂ ਨਾਲ ਸ਼ਾਦੀ ਕਰ ਲੈਣ ਦਿਉ। ਉਨ੍ਹਾਂ ਨੇ ਤੁਹਾਡੀਆਂ ਔਰਤਾਂ ਉਠਾ ਲਈਆਂ ਹਨ ਪਰ ਉਨ੍ਹਾਂ ਨੇ ਤੁਹਾਡੇ ਨਾਲ ਲੜਾਈ ਤਾਂ ਨਹੀਂ ਕੀਤੀ। ਉਨ੍ਹਾਂ ਨੇ ਔਰਤਾਂ ਇਸ ਲਈ ਉਠਾ ਲਈਆਂ ਹਨ ਤਾਂ ਜੋ ਤੁਹਾਡਾ ਪਰਮੇਸ਼ੁਰ ਨਾਲ ਕੀਤਾ ਇਕਰਾਰ ਨਾ ਟੁੱਟੇ। ਤੁਸੀਂ ਇਕਰਾਰ ਕੀਤਾ ਸੀ ਕਿ ਤੁਸੀਂ ਉਨ੍ਹਾਂ ਨੂੰ ਸ਼ਾਦੀ ਕਰਨ ਲਈ ਔਰਤਾਂ ਨਹੀਂ ਦੇਵੋਂਗੇ - ਤੁਸੀਂ ਬਿਨਯਾਮੀਨ ਦੇ ਆਦਮੀਆਂ ਨੂੰ ਔਰਤਾਂ ਦਿੱਤੀਆਂ ਨਹੀਂ ਹਨ, ਉਨ੍ਹਾਂ ਨੇ ਤੁਹਾਡੇ ਕੋਲੋਂ ਔਰਤਾਂ ਖੋਹੀਆਂ ਹਨ! ਇਸ ਲਈ ਤੁਹਾਡਾ ਇਕਰਾਰ ਨਹੀਂ ਟੁਟਿਆ।’”
23  ਇਸ ਲਈ ਇਹੀ ਗੱਲ ਸੀ ਜਿਹੜੀ ਬਿਨਯਾਮੀਨ ਨੇ ਪਰਿਵਾਰ-ਸਮੂਹ ਨੇ ਕੀਤੀ। ਜਦੋਂ ਮੁਟਿਆਰਾਂ ਨੱਚ ਰਹੀਆਂ ਸਨ ਹਰੇਕ ਆਦਮੀ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਫ਼ੜ ਲਿਆ। ਉਹ ਉਨ੍ਹਾਂ ਮੁਟਿਆਰਾਂ ਨੂੰ ਲੈ ਗਏ ਅਤੇ ਉਨ੍ਹਾਂ ਨਾਲ ਸ਼ਾਦੀ ਕਰ ਲਈ। ਉਹ ਆਪਣੀ ਧਰਤੀ ਨੂੰ ਵਾਪਸ ਚਲੇ ਗਏ। ਬਿਨਯਾਮੀਨ ਦੇ ਆਦਮੀਆਂ ਨੇ ਉਸ ਧਰਤੀ ਵਿੱਚ ਆਪਣੇ ਸ਼ਹਿਰ ਮੁੜ ਵਸਾਏ, ਅਤੇ ਸ਼ਹਿਰਾਂ ਵਿੱਚ ਰਹਿਣ ਲੱਗੇ।
24  ਫ਼ੇਰ ਇਸਰਾਏਲ ਦੇ ਲੋਕ ਘਰਾਂ ਨੂੰ, ਆਪਣੀ ਖੁਦ ਦੀ ਧਰਤੀ ਅਤੇ ਆਪਣੇ ਖੁਦ ਦੇ ਪਰਿਵਾਰ-ਸਮੂਹ, ਅਤੇ ਆਪਣੇ ਖੁਦ ਦੇ ਨਿਵਾਸ ਨੂੰ ਵਾਪਸ ਚਲੇ ਗਏ।
25  ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦੇ ਲੋਕਾਂ ਦਾ ਕੋਈ ਰਾਜਾ ਨਹੀਂ ਸੀ। ਇਸ ਲਈ ਹਰ ਕੋਈ ਉਹੀ ਕਰਦਾ ਸੀ ਜਿਸਨੂੰ ਉਹ ਠੀਕ ਸਮਝਦਾ ਸੀ।