Home

ਯਰਮਿਆਹ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52


-Reset+

ਕਾਂਡ 3

1 "ਜੋ ਕੋਈ ਬੰਦਾ ਆਪਣੀ ਪਤਨੀ ਨੂੰ ਤਲਾਕ ਦਿੰਦਾ, ਅਤੇ ਉਹ ਉਸ ਨੂੰ ਛੱਡ ਦਿੰਦੀ ਹੈ ਅਤੇ ਉਹ ਕਿਸੇ ਹੋਰ ਨਾਲ ਵਿਆਹ ਕਰ ਲੈਁਦੀ ਹੈ, ਕੀ ਉਹ ਬੰਦਾ ਫ਼ੇਰ ਵੀ ਆਪਣੀ ਪਤਨੀ ਵੱਲ ਆ ਸਕਦਾ ਹੈ? ਨਹੀਂ! ਜੇ ਉਹ ਬੰਦਾ ਉਸ ਔਰਤ ਕੋਲ ਵਾਪਸ ਜਾਂਦਾ ਹੈ, ਤਾਂ ਉਹ ਜ਼ਮੀਨ ਪਰਦੂਸ਼ਿਤ ਹੋ ਜਾਵੇਗੀ। ਯਹੂਦਾਹ, ਤੂੰ ਆਪਣੇ ਅਨੇਕਾਂ ਪ੍ਰੇਮੀਆਂ ਨਾਲ ਵੇਸਵਾ ਵਰਗਾ ਵਿਹਾਰ ਕੀਤਾ ਸੀ। ਅਤੇ ਹੁਣ ਤੂੰ ਮੇਰੇ ਕੋਲ ਵਾਪਸ ਆਉਣਾ ਚਾਹੁੰਦਾ ਹੈਂ!' ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
2 ਨੰਗੀਆਂ ਪਹਾੜੀਆਂ ਦੀਆਂ ਸਿਖਰਾਂ ਵੱਲ ਦੇਖ, ਯਹੂਦਾਹ। ਕੀ ਉੱਥੇ ਕੋਈ ਅਜਿਹੀ ਥਾਂ ਹੈ, ਜਿੱਥੇ ਤੂੰ ਆਪਣੇ ਪ੍ਰੇਮੀਆਂ ਨਾਲ ਭੋਗ ਨਹੀਂ ਕੀਤਾ? ਤੂੰ ਆਪਣੇ ਪ੍ਰੇਮੀਆਂ ਦੇ ਇੰਤਜ਼ਾਰ ਵਿੱਚ ਸੜਕ ਕੰਢੇ ਬੈਠ ਰਿਹਾ ਹੈਂ, ਜਿਵੇਂ ਕੋਈ ਅਰਬ ਵਾਸੀ ਮਾਰੂਬਲ ਅੰਦਰ ਇੰਤਜ਼ਾਰ ਕਰਦਾ ਹੈ। ਤੂੰ ਉਹ ਧਰਤੀ ਨਾਪਾਕ ਕਰ ਦਿੱਤੀ! ਕਿਵੇਂ? ਤੂੰ ਬਹੁਤ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ ਅਤੇ ਤੂੰ ਮੇਰੇ ਨਾਲ ਬੇਵਫ਼ਾ ਸੈਂ।
3 ਤੂੰ ਪਾਪ ਕੀਤਾ, ਇਸ ਲਈ ਬਰਖਾ ਨਹੀਂ ਹੋਈ। ਬਰਖਾ ਰੁੱਤ ਵਿੱਚ ਕੋਈ ਬਹਾਰ ਦਾ ਮੌਸਮ ਨਹੀਂ ਸੀ। ਪਰ ਫ਼ੇਰ ਵੀ ਤੈਨੂੰ ਸ਼ਰਮਿਂਦਗੀ ਤੋਂ ਇਨਕਾਰ ਹੈ। ਤੇਰੇ ਚਿਹਰੇ ਦੀ ਤੱਕਣੀ ਕਿਸੇ ਵੇਸਵਾ ਦੀ ਤੱਕਣੀ ਵਰਗੀ ਹੈ। ਉਦੋਂ ਜਦੋਂ ਉਹ ਸ਼ਰਮਿਂਦਗੀ ਤੋਂ ਇਨਕਾਰ ਕਰਦੀ ਹੈ। ਤੈਨੂੰ ਆਪਣੇ ਕੀਤੇ ਉੱਤੇ ਸ਼ਰਮਸਾਰ ਹੋਣ ਤੋਂ ਇਨਕਾਰ ਹੈ।
4 ਪਰ ਹੁਣ ਤੂੰ 'ਬਾਪੂ' ਬੁਲਾ ਰਿਹਾ ਹੈਂ, ਤੂੰ ਆਖਿਆ ਸੀ, 'ਮੇਰੇ ਬਚਪਨ ਤੋਂ ਹੀ ਤੁਸੀਂ ਮੇਰੇ ਮਿੱਤਰ ਸੀ।'
5 ਤੂੰ ਇਹ ਵੀ ਆਖਿਆ, 'ਪਰਮੇਸ਼ੁਰ ਹਮੇਸ਼ਾ ਤੇਰੇ ਨਾਲ ਨਰਾਜ਼ ਨਹੀਂ ਹੋਵੇਗਾ। ਪਰਮੇਸ਼ੁਰ ਦਾ ਕਹਿਰ ਸਦਾ ਲਈ ਨਹੀਂ ਰਹੇਗਾ।' "ਯਹੂਦਾਹ, ਤੂੰ ਇਹ ਗੱਲਾਂ ਆਖਦਾ ਹੈਂ, ਪਰ ਤੂੰ ਬਦੀ ਕਰਦਾ ਹੈਂ, ਜਿੰਨੀ ਤੂੰ ਕਰ ਸਕਦਾ ਹੈਂ।"
6 ਯਹੋਵਾਹ ਨੇ ਰਾਜੇ ਯੋਸ਼ੀਯਾਹ ਦੇ ਸ਼ਾਸਨਕਾਲ ਦੇ ਸਮੇਂ ਦੌਰਾਨ ਮੈਨੂੰ ਆਖਿਆ, "ਯਿਰਮਿਯਾਹ ਕੀ ਤੂੰ ਦੇਖੀਆਂ ਨੇ ਉਹ ਮੰਦੀਆਂ ਗੱਲਾਂ ਜਿਹੜੀਆਂ ਇਸਰਾਏਲ ਨੇ ਕੀਤੀਆਂ ਨੇ? ਤੂੰ ਦੇਖਿਆ ਹੀ ਹੈ ਕਿਵੇਂ ਉਸਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ। ਉਸਨੇ ਹਰ ਪਹਾੜੀ ਉੱਤੇ ਅਤੇ ਹਰ ਹਰੇ ਰੁੱਖ ਦੀ ਛਾਂ ਹੇਠਾਂ ਵਿਭਚਾਰ ਕੀਤਾ ਹੈ।
7 ਮੈਂ ਆਪਣੇ-ਆਪ ਨੂੰ ਆਖਿਆ, 'ਇਸਰਾਏਲ ਇਹ ਮੰਦੀਆਂ ਗੱਲਾਂ ਕਰਨ ਤੋਂ ਮਗਰੋਂ ਮੇਰੇ ਵੱਲ ਪਰਤ ਆਵੇਗਾ।' ਪਰ ਨਹੀਂ ਪਰਤਿਆ ਉਹ ਮੇਰੇ ਕੋਲ। ਅਤੇ ਇਸਰਾਏਲ ਦੀ ਬੇਵਫ਼ਾ ਭੈਣ, ਯਹੂਦਾਹ ਨੇ ਉਸਦੇ ਅਮਲਾਂ ਨੂੰ ਦੇਖਿਆ।
8 ਇਸਰਾਏਲ ਬੇਵਫ਼ਾ ਸੀ ਅਤੇ ਇਸਰਾਏਲ ਨੂੰ ਪਤਾ ਸੀ ਕਿ ਮੈਂ ਕਿਉਂ ਉਸਨੂੰ ਦੂਰ ਕੀਤਾ ਹੈ। ਇਸਰਾਏਲ ਨੂੰ ਪਤਾ ਸੀ ਕਿ ਮੈਂ ਉਸਨੂੰ ਤਲਾਕ ਦੇ ਦਿੱਤਾ ਹੈ ਕਿਉਂ ਕਿ ਉਸਨੇ ਵਿਭਚਾਰ ਦਾ ਪਾਪ ਕੀਤਾ ਹੈ। ਪਰ ਇਸ ਗੱਲ ਨੇ ਉਸਦੀ ਬੇਵਫ਼ਾ ਭੈਣ ਨੂੰ ਭੈਭੀਤ ਨਹੀਂ ਕੀਤਾ। ਯਹੂਦਾਹ ਭੈਭੀਤ ਨਹੀਂ ਹੋਈ। ਯਹੂਦਾਹ ਨੇ ਵੀ ਬਾਹਰ ਜਾਕੇ ਵੇਸਵਾ ਵਾਲੇ ਕਰਮ ਕੀਤੇ।
9 ਯਹੂਦਾਹ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਉਹ ਵੇਸਵਾ ਵਰਗੇ ਕੰਮ ਕਰ ਰਹੀ ਸੀ। ਇਸ ਲਈ ਉਸਨੇ ਆਪਣੇ ਦੇਸ ਨੂੰ 'ਨਾਪਾਕ' ਕਰ ਦਿੱਤਾ। ਉਸਨੇ ਪੱਥਰ ਅਤੇ ਲਕੜੀ ਦੇ ਬਣੇ ਬੁੱਤਾਂ ਦੀ ਉਪਾਸਨਾ ਕਰਕੇ ਵਿਭਚਾਰ ਦਾ ਪਾਪ ਕੀਤਾ।
10 ਇਸਰਾਏਲ ਦੀ ਬੇਵਫ਼ਾ ਭੈਣ (ਯਹੂਦਾਹ) ਪੂਰੇ ਦਿਲ ਨਾਲ ਮੇਰੇ ਕੋਲ ਵਾਪਸ ਨਹੀਂ ਪਰਤੀ। ਉਸਨੇ ਕੇਵਲ ਪਰਤਣ ਦਾ ਦਿਖਾਵਾ ਕੀਤਾ।" ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
11 ਯਹੋਵਾਹ ਨੇ ਮੈਨੂੰ ਆਖਿਆ, "ਇਸਰਾਏਲ ਨੇ ਮੇਰੇ ਨਾਲ ਵਫ਼ਾ ਨਹੀਂ ਕੀਤੀ। ਪਰ ਉਸਦੇ ਕੋਲ ਬੇਵਫ਼ਾ ਯਹੂਦਾਹ ਨਾਲੋਂ ਬਿਹਤਰ ਬਹਾਨਾ ਸੀ।
12 ਯਿਰਮਿਯਾਹ, ਉੱਤਰ ਵੱਲ ਦੇਖ ਅਤੇ ਇਹ ਸੰਦੇਸ਼ ਸੁਣਾ:'ਇਸਰਾਏਲ ਦੇ ਬੇਵਫ਼ਾ ਲੋਕੋ, ਤੁਸੀਂ ਵਾਪਸ ਪਰਤ ਆਓ।' ਇਹ ਸੰਦੇਸ਼ ਯਹੋਵਾਹ ਵੱਲੋਂ ਸੀ। 'ਮੈਂ ਤੁਹਾਡੇ ਨਾਲ ਨਰਾਜ਼ ਹੋਣਾ ਛੱਡ ਦਿਆਂਗਾ। ਮੈਂ ਰਹਿਮ ਨਾਲ ਭਰਪੂਰ ਹਾਂ।' ਇਹ ਸੰਦੇਸ਼ ਯਹੋਵਾਹ ਵੱਲੋਂ ਸੀ। ਮੈਂ ਹਮੇਸ਼ਾ ਲਈ ਤੁਹਾਡੇ ਨਾਲ ਨਰਾਜ਼ ਨਹੀਂ ਹੋਵਾਂਗਾ।
13 ਪਰ ਤੁਹਾਨੂੰ ਆਪਣੇ-ਆਪ ਨੂੰ ਪਛਾਣ ਲੈਣਾ ਚਾਹੀਦਾ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸੀ। ਇਹ ਤੁਹਾਡਾ ਪਾਪ ਹੈ। ਤੁਸੀਂ ਹੋਰਨਾਂ ਕੌਮਾਂ ਦੇ ਲੋਕਾਂ ਦੇ ਬੁੱਤਾਂ ਦੀ ਉਪਾਸਨਾ ਕੀਤੀ ਸੀ। ਹਰੇਕ ਹਰੇ ਰੁੱਖ ਹੇਠਾਂ ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਸੀ। ਤੁਸੀਂ ਮੇਰਾ ਹੁਕਮ ਨਹੀਂ ਮੰਨਿਆ ਸੀ।"' ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
14 "ਤੁਸੀਂ ਲੋਕੀ ਬੇਵਫ਼ਾ ਹੋ। ਪਰ ਮੇਰੇ ਵੱਲ ਵਾਪਸ ਪਰਤ ਆਓ!" ਇਹ ਸੰਦੇਸ਼ ਯਹੋਵਾਹ ਵੱਲੋਂ ਸੀ।"ਮੈਂ ਤੁਹਾਡਾ ਮਾਲਕ ਹਾਂ। ਮੈਂ ਹਰ ਸ਼ਹਿਰ ਵਿੱਚੋਂ ਇੱਕ ਬੰਦਾ ਅਤੇ ਹਰ ਪਰਿਵਾਰ ਵਿੱਚੋਂ ਦੋ ਬੰਦੇ ਲਵਾਂਗਾ ਅਤੇ ਤੁਹਾਨੂੰ ਸੀਯੋਨ ਵਾਪਸ ਲਿਆਵਾਂਗਾ।
15 ਫ਼ੇਰ ਮੈਂ ਤੁਹਾਨੂੰ ਨਵੇਂ ਹਾਕਮ ਦੇਵਾਂਗਾ। ਉਹ ਹਾਕਮ ਮੇਰੇ ਵਫ਼ਾਦਾਰ ਹੋਣਗੇ। ਉਹ ਤੁਹਾਡੀ ਗਿਆਨ ਅਤੇ ਸਮਝਦਾਰੀ ਨਾਲ ਅਗਵਾਈ ਕਰਨਗੇ।
16 ਉਨ੍ਹਾਂ ਦਿਨਾਂ ਅੰਦਰ, ਦੇਸ਼ ਵਿੱਚ ਤੁਸੀਂ ਬਹੁਤ ਗਿਣਤੀ ਵਿੱਚ ਹੋਵੋਂਗੇ।" ਇਹ ਯਹੋਵਾਹ ਵੱਲੋਂ ਸੰਦੇਸ਼ ਸੀ।"ਉਸ ਸਮੇਂ ਲੋਕ ਇਹ ਕਦੇ ਨਹੀਂ ਆਖਣਗੇ, 'ਮੈਨੂੰ ਉਹ ਦਿਨ ਯਾਦ ਹਨ ਜਦੋਂ ਸਾਡੇ ਕੋਲ ਯਹੋਵਾਹ ਦੇ ਨੇਮ ਦਾ ਸੰਦੂਕ ਸੀ।' ਉਹ ਪਵਿੱਤਰ ਸੰਦੂਕ ਬਾਰੇ ਮੁੜਕੇ ਸੋਚਣਗੇ ਵੀ ਨਹੀਂ। ਉਹ ਉਸਨੂੰ ਚੇਤੇ ਵੀ ਨਹੀਂ ਕਰਨਗੇ ਅਤੇ ਨਾ ਉਸਦਾ ਵਿਗੋਚਾ ਮਹਿਸੂਸ ਕਰਨਗੇ। ਉਹ ਫ਼ੇਰ ਕਦੇ ਪਵਿੱਤਰ ਸੰਦੂਕ ਨਹੀਂ ਬਨਾਉਣਗੇ।
17 ਉਸ ਸਮੇਂ, ਯਰੂਸ਼ਲਮ ਦਾ ਸ਼ਹਿਰ 'ਯਹੋਵਾਹ ਦਾ ਸਿੰਘਾਸਣ' ਸਦਾਵੇਗਾ। ਸਾਰੀਆਂ ਕੌਮਾਂ ਇਕੱਠੀਆਂ ਹੋਕੇ ਯਰੂਸ਼ਲਮ ਸ਼ਹਿਰ ਵਿੱਚ ਯਹੋਵਾਹ ਦੇ ਨਾਮ ਦਾ ਆਦਰ ਕਰਨ ਲਈ ਆਉਣਗੀਆਂ। ਉਹ ਹੁਣ ਆਪਣੇ ਜ਼ਿੱਦੀ ਮੰਦੇ ਦਿਲਾਂ ਦੇ ਪਿੱਛੇ ਨਹੀਂ ਲੱਗਣਗੇ।
18 ਉਨ੍ਹਾਂ ਦਿਨਾਂ ਅੰਦਰ, ਯਹੂਦਾਹ ਦਾ ਪਰਿਵਾਰ ਇਸਰਾਏਲ ਦੇ ਪਰਿਵਾਰ ਨਾਲ ਆ ਮਿਲੇਗਾ। ਉਹ ਉੱਤਰ ਦੇ ਕਿਸੇ ਦੇਸ ਵੱਲੋਂ ਇਕੱਠੇ ਹੋਕੇ ਆਉਣਗੇ। ਉਹ ਉਸ ਧਰਤੀ ਉੱਤੇ ਆਉਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।
19 "ਮੈਂ, ਯਹੋਵਾਹ ਨੇ, ਆਪਣੇ-ਆਪ ਨੂੰ ਆਖਿਆ, 'ਮੈਂ ਤੁਹਾਡੇ ਨਾਲ ਆਪਣੇ ਬੱਚਿਆਂ ਵਰਗਾ ਸਲੂਕ ਕਰਨਾ ਚਾਹੁਂਂਦਾ ਹਾਂ। ਮੈਂ ਤੁਹਾਨੂੰ ਇੱਕ ਪ੍ਰਸੰਨ ਧਰਤੀ ਦੇਣਾ ਚਾਹੁੰਦਾ ਹਾਂ, ਅਜਿਹੀ ਧਰਤੀ ਜਿਹੜੀ ਕਿਸੇ ਵੀ ਹੋਰ ਕੌਮ ਨਾਲੋਂ ਵਧੇਰੇ ਖੂਬਸੂਰਤ ਹੋਵੇਗੀ।' ਮੈਂ ਸੋਚਿਆ ਸੀ ਕਿ ਤੁਸੀਂ ਮੈਨੂੰ 'ਪਿਤਾ' ਆਖਕੇ ਸਦ੍ਦੋਁਗੇ। ਮੈਂ ਸੋਚਿਆ ਸੀ ਕਿ ਤੁਸੀਂ ਹਮੇਸ਼ਾ ਮੇਰੇ ਅਨੁਯਾਈ ਹੋਵੋਂਗੇ।
20 ਪਰ ਤੁਸੀਂ ਉਸ ਔਰਤ ਵਰਗੇ ਰਹੇ ਹੋ ਜਿਹੜੀ ਆਪਣੇ ਪਤੀ ਨਾਲ ਬੇਵਫ਼ਾਈ ਕਰਦੀ ਹੈ। ਇਸਰਾਏਲ ਦੇ ਪਰਿਵਾਰ, ਤੂੰ ਮੇਰੇ ਨਾਲ ਬੇਵਫ਼ਾਈ ਕੀਤੀ ਹੈ!" ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
21 ਤੁਸੀਂ ਨੰਗੀਆਂ ਪਹਾੜੀਆਂ ਉੱਤੇ ਰੋਣਾ-ਧੋਣਾ ਸੁਣ ਸਕਦੇ ਹੋ। ਇਸਰਾਏਲ ਦੇ ਲੋਕ ਰੋ ਰਹੇ ਨੇ ਅਤੇ ਰਹਿਮ ਲਈ ਪ੍ਰਾਰਥਨਾ ਕਰ ਰਹੇ ਨੇ। ਉਹ ਬਹੁਤ ਮੰਦੇ ਬਣ ਗਏ ਸਨ। ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਗਏ ਸਨ।
22 ਯਹੋਵਾਹ ਨੇ ਇਹ ਵੀ ਆਖਿਆ, "ਇਸਰਾਏਲ ਦੇ ਲੋਕੋ, ਤੁਸੀਂ ਮੇਰੇ ਨਾਲ ਬੇਵਫ਼ਾ ਹੋ। ਪਰ ਮੇਰੇ ਵੱਲ ਪਰਤ ਕੇ ਆ ਜਾਓ! ਪਰਤ ਆਓ ਅਤੇ ਮੈਂ ਤੁਹਾਨੂੰ ਮੇਰੇ ਨਾਲ ਬੇਵਫ਼ਾਈ ਕਰਨ ਲਈ ਮਾਫ਼ ਕਰ ਦਿਆਂਗਾ।" ਲੋਕਾਂ ਨੂੰ ਆਖਣਾ ਚਾਹੀਦਾ ਹੈ, "ਹਾਂ, ਅਸੀਂ ਤੁਹਾਡੇ ਕੋਲ ਪਰਤ ਆਵਾਂਗੇ। ਤੁਸੀਂ ਹੀ ਯਹੋਵਾਹ ਸਾਡੇ ਪਰਮੇਸ਼ੁਰ ਹੋ।
23 ਪਹਾੜੀਆਂ ਉੱਤੇ ਬੁੱਤਾਂ ਦੀ ਉਪਾਸਨਾ ਕਰਨਾ ਮੂਰਖਤਾਈ ਸੀ। ਪਹਾੜੀਆਂ ਉੱਤੇ ਸ਼ੋਰ-ਸ਼ਰਾਬੇ ਦੀਆਂ ਸਮੂਹ ਦਾਵਤਾਂ ਗ਼ਲਤ ਸਨ। ਅਵੱਸ਼ ਹੀ ਇਸਰਾਏਲ ਦੀ ਮੁਕਤੀ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਆਉਂਦੀ ਹੈ।
24 ਭਿਆਨਕ ਝੂਠੇ ਦੇਵਤੇ ਬਆਲ ਨੇ ਹਰ ਉਹ ਚੀਜ਼ ਖਾ ਲਈ ਹੈ ਜਿਹੜੀ ਸਾਡੇ ਪੁਰਖਿਆਂ ਦੀ ਮਲਕੀਅਤ ਸੀ। ਇਹ ਉਦੋਂ ਤੋਂ ਵਾਪਰਿਆ ਜਦੋਂ ਅਸੀਂ ਬੱਚੇ ਸਾਂ।" ਉਸ ਭਿਆਨਕ ਝੂਠੇ ਦੇਵਤੇ ਨੇ ਸਾਡੇ ਪੁਰਖਿਆਂ ਦੀਆਂ ਭੇਡਾਂ ਅਤੇ ਪਸ਼ੂਆਂ ਨੂੰ ਅਤੇ ਉਨ੍ਹਾਂ ਦੇ ਪੁੱਤਰਾਂ ਅਤੇ ਧੀਆਂ ਨੂੰ ਖੋਹ ਲਿਆ।
25 ਆਓ ਆਪਾਂ ਸ਼ਰਮਿਂਦਗੀ ਨਾਲ ਲੇਟ ਜਾਈਏ, ਸ਼ਰਮਿਂਦਗੀ ਸਾਨੂੰ ਰਜਾਈ ਵਾਂਗ ਢਕ ਲਵੇ। ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਹੈ। ਅਸੀਂ ਅਤੇ ਸਾਡੇ ਪੁਰਖਿਆਂ ਨੇ ਪਾਪ ਕੀਤਾ ਹੈ। ਅਸੀਂ ਆਪਣੇ ਬਚਪਨ ਦੇ ਸਮੇਂ ਤੋਂ ਹੀ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ।"