Home

ਰਸੂਲਾਂ ਦੇ ਕਰਤੱਬ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28


-Reset+

ਕਾਂਡ 28

1 ਜਾਂ ਅਸੀਂ ਬਚ ਨਿੱਕਲੇ ਤਾਂ ਅਸੀਂ ਮਲੂਮ ਕੀਤਾ ਜੋ ਏਸ ਟਾਪੂ ਦਾ ਨਾਉਂ ਮਾਲਟਾ ਹੈ।
2 ਉੱਥੋਂ ਦੇ ਓਪਰੇ ਲੋਕਾਂ ਨੇ ਸਾਡੇ ਨਾਲ ਵੱਡਾ ਭਾਰਾ ਸਲੂਕ ਕੀਤਾ ਕਿ ਉਨ੍ਹਾਂ ਉਸ ਵੇਲੇ ਮੀਂਹ ਦੀ ਝੜੀ ਅਤੇ ਪਾਲੇ ਦੇ ਕਾਰਨ ਅੱਗ ਬਾਲ ਕੇ ਅਸਾਂ ਸਭਨਾਂ ਨੂੰ ਕੋਲ ਬੁਲਾ ਲਿਆ।
3 ਅਤੇ ਜਾਂ ਪੌਲੁਸ ਨੇ ਬਹੁਤ ਸਾਰੀਆਂ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਉੱਤੇ ਪਾਈਆਂ ਤਾਂ ਇੱਕ ਸੱਪ ਸੇਕ ਨਾਲ ਨਿੱਕਲ ਆਇਆ ਅਤੇ ਉਹ ਦੇ ਹੱਥ ਨੂੰ ਚਿੰਬੜ ਗਿਆ।
4 ਤਾਂ ਓਹ ਓਪਰੇ ਲੋਕ ਉਸ ਕੀੜੇ ਨੂੰ ਉਹ ਦੇ ਹੱਥ ਨਾਲ ਲਮਕਿਆ ਹੋਇਆ ਵੇਖ ਕੇ ਆਪਸ ਵਿੱਚ ਕਹਿਣ ਲੱਗੇ ਭਈ ਠੀਕ ਇਹ ਮਨੁੱਖ ਖੂਨੀ ਹੈ ਕਿ ਭਾਵੇਂ ਇਹ ਸਮੁੰਦਰੋਂ ਬਚ ਨਿੱਕਲਿਆ ਪਰ ਨਿਆਉਂ ਇਹ ਨੂੰ ਜੀਉਂਦਾ ਨਹੀਂ ਛੱਡਦਾ !
5 ਤਦ ਉਹ ਨੇ ਉਸ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਕੁਝ ਨੁਕਸਾਨ ਨਾ ਹੋਇਆ।
6 ਪਰ ਓਹ ਉਡੀਕਦੇ ਰਹੇ ਕਿ ਉਹ ਹੁਣੇ ਸੁੱਜ ਜਾਵੇ ਯਾ ਅਚਾਣਕ ਮਰ ਕੇ ਡਿੱਗ ਪਵੇ ਪਰ ਜਾਂ ਉਨ੍ਹਾਂ ਬਹੁਤ ਚਿਰ ਤਾਈਂ ਉਡੀਕ ਕਰ ਕੇ ਵੇਖਿਆ ਜੋ ਉਹ ਦਾ ਕੁਝ ਨਹੀਂ ਵਿਗੜਿਆ ਤਾਂ ਉਨ੍ਹਾਂ ਨੂੰ ਹੋਰ ਸੋਚ ਆਈ ਅਤੇ ਕਹਿਣ ਲੱਗੇ ਭਈ ਇਹ ਤਾਂ ਕੋਈ ਦਿਉਤਾ ਹੈ !
7 ਉਸ ਥਾਂ ਦੇ ਨੇੜੇ ਪੁਬਲਿਯੁਸ ਨਾਮੇ ਉਸ ਟਾਪੂ ਦੇ ਸਰਦਾਰ ਦੀ ਮਿਲਖ ਸੀ। ਸੋ ਉਹ ਨੇ ਸਾਨੂੰ ਘਰ ਲੈ ਜਾ ਕੇ ਵੱਡੇ ਪ੍ਰੇਮ ਨਾਲ ਤਿੰਨਾਂ ਦਿਨਾਂ ਤਾਈਂ ਸਾਡਾ ਆਦਰ ਭਾਉ ਕੀਤਾ।
8 ਤਾਂ ਐਉਂ ਹੋਇਆ ਜੋ ਪੁਬਲਿਯੁਸ ਦਾ ਪਿਉ ਤਾਪ ਅਤੇ ਮਰੋੜਾਂ ਨਾਲ ਮਾਂਦਾ ਪਿਆ ਹੋਇਆ ਸੀ ਸੋ ਪੌਲੁਸ ਨੇ ਉਸ ਕੋਲ ਅੰਦਰ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ।
9 ਏਸ ਗੱਲੇ ਬਾਕੀ ਦੇ ਲੋਕ ਵੀ ਜਿਹੜੇ ਉਸ ਟਾਪੂ ਵਿੱਚ ਰੋਗੀ ਸਨ ਆਏ ਅਤੇ ਚੰਗੇ ਕੀਤੇ ਗਏ।
10 ਤਾਂ ਉਨ੍ਹਾਂ ਨੇ ਸਾਡਾ ਵੱਡਾ ਆਦਰ ਕੀਤਾ ਅਤੇ ਜਾਂ ਅਸੀਂ ਤੁਰਨ ਲੱਗੇ ਤਾਂ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਸੀ ਜਹਾਜ਼ ਉੱਤੇ ਲੱਦ ਦਿੱਤੀਆਂ।
11 ਤਿੰਨਾਂ ਮਹੀਨਿਆਂ ਦੇ ਪਿੱਛੋਂ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ ਤੇ ਚੜ੍ਹ ਕੇ ਤੁਰ ਪਏ ਜਿਹ ਦਾ ਪਤਾ ਦੇਉਸਕੂਰੀ ਸੀ ਅਤੇ ਉਹ ਨੇ ਸਾਰਾ ਸਿਆਲ ਇਸ ਟਾਪੂ ਵਿੱਚ ਕੱਟਿਆ ਸੀ।
12 ਅਤੇ ਸੈਰਾਕੂਸ ਵਿੱਚ ਉਤਰ ਕੇ ਤਿੰਨ ਦਿਨ ਰਹੇ।
13 ਫੇਰ ਉੱਥੋਂ ਚੱਕਰ ਖਾ ਕੇ ਰੇਗਿਯੁਨ ਵਿੱਚ ਆਏ ਅਤੇ ਇੱਕ ਦਿਨ ਪਿੱਛੋਂ ਜਾਂ ਦੱਖਣ ਦੀ ਪੌਣ ਵਗੀ ਤਾਂ ਅਸੀਂ ਦੂਜੇ ਦਿਨ ਪਤਿਯੁਲੇ ਵਿੱਚ ਪਹੁੰਚੇ।
14 ਉੱਥੇ ਸਾਨੂੰ ਭਾਈ ਮਿਲੇ ਜਿਨ੍ਹਾਂ ਸਾਡੀ ਮਿੰਨਤ ਕੀਤੀ ਜੋ ਇੱਕ ਸਾਤਾ ਸਾਡੇ ਕੋਲ ਰਹੋ, ਅਤੇ ਇਸੇ ਤਰਾਂ ਅਸੀਂ ਰੋਮ ਨੂੰ ਆਏ।
15 ਉੱਥੋਂ ਭਾਈ ਸਾਡੀ ਖਬਰ ਸੁਣ ਕੇ ਅੱਪੀਫੋਰੁਮ ਅਤੇ ਤ੍ਰੈ ਸਰਾਵਾਂ ਤੀਕੁਰ ਸਾਡੇ ਮਿਲਣ ਨੂੰ ਆਏ। ਤਾਂ ਪੌਲੁਸ ਨੇ ਉਨ੍ਹਾਂ ਨੂੰ ਵੇਖ ਕੇ ਪਰਮੇਸ਼ੁਰ ਦਾ ਸ਼ੁਕਰ ਕੀਤਾ ਅਤੇ ਤਸੱਲੀ ਪਾਈ।
16 ਜਾਂ ਅਸੀਂ ਰੋਮ ਵਿੱਚ ਪਹੁੰਚੇ ਤਾਂ ਪੌਲੁਸ ਨੂੰ ਉਸ ਸਿਪਾਹੀ ਨਾਲ ਜਿਹੜਾ ਉਹ ਦੀ ਰਾਖੀ ਕਰਦਾ ਸੀ ਅੱਡ ਰਹਿਣ ਦੀ ਪਰਵਾਨਗੀ ਹੋਈ।
17 ਤਾਂ ਐਉਂ ਹੋਇਆ ਜੋ ਤਿੰਨਾਂ ਦਿਨਾਂ ਪਿੱਛੋਂ ਉਹ ਨੇ ਯਹੂਦੀਆਂ ਦੇ ਵੱਡੇ ਆਦਮੀਆਂ ਨੂੰ ਇਕੱਠੇ ਬੁਲਾ ਲਿਆ ਅਰ ਜਾਂ ਓਹ ਇਕੱਠੇ ਹੋਏ ਤਾਂ ਉਨ੍ਹਾਂ ਨੂੰ ਆਖਿਆ, ਹੇ ਭਰਾਵੋ, ਭਾਵੇਂ ਮੈਂ ਆਪਣੀ ਕੌਮ ਦੇ ਅਤੇ ਵੱਡਿਆਂ ਦੀਆਂ ਰਸਮਾਂ ਦੇ ਉਲਟ ਕੁਝ ਨਹੀਂ ਕੀਤਾ ਪਰ ਤਾਂ ਵੀ ਕੈਦੀ ਹੋ ਕੇ ਯਰੂਸ਼ਲਮ ਤੋਂ ਰੋਮੀਆਂ ਦੇ ਹੱਥ ਹਵਾਲੇ ਕੀਤਾ ਗਿਆ ਹਾਂ।
18 ਅਤੇ ਉਨ੍ਹਾਂ ਮੇਰੀ ਜਾਚ ਕਰ ਕੇ ਚਾਹਿਆ ਜੋ ਮੈਨੂੰ ਛੱਡ ਦੇਣ ਇਸ ਲਈ ਜੋ ਮੇਰੇ ਵਿੱਚ ਕਤਲ ਦੇ ਲਾਇਕ ਕੋਈ ਦੋਸ਼ ਨਾ ਸੀ।
19 ਪਰ ਜਾਂ ਯਹੂਦੀ ਇਹ ਦੇ ਵਿਰੁੱਧ ਬੋਲਣ ਲੱਗੇ ਤਾਂ ਮੈਂ ਲਾਚਾਰ ਹੋ ਕੇ ਕੈਸਰ ਦੀ ਦੁਹਾਈ ਦਿੱਤੀ, ਪਰ ਇਸ ਲਈ ਨਹੀਂ ਜੋ ਮੈਂ ਆਪਣੀ ਕੌਮ ਉੱਤੇ ਕਿਸੇ ਗੱਲ ਵਿੱਚ ਦੋਸ਼ ਲਾਉਣਾ ਸੀ।
20 ਸੋ ਇਸ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲ ਬਾਤ ਕਰੋ ਕਿਉਂ ਜੋ ਮੈਂ ਇਸਰਾਏਲ ਦੀ ਆਸ ਦੇ ਬਦਲੇ ਐਸ ਸੰਗਲ ਨਾਲ ਜਕੜਿਆ ਹੋਇਆ ਹਾਂ।
21 ਉਨ੍ਹਾਂ ਉਸ ਨੂੰ ਆਖਿਆ ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਵਿਖੇ ਕੋਈ ਚਿੱਠੀ ਆਈ, ਨਾ ਭਾਈਆਂ ਵਿੱਚੋਂ ਕਿਨੇ ਆਣ ਕੇ ਤੇਰੀ ਖਬਰ ਦਿੱਤੀ ਨਾ ਤੇਰੀ ਕੁਝ ਬਦੀ ਸੁਣਾਈ।
22 ਪਰ ਅਸੀਂ ਇਹੋ ਚੰਗਾ ਜਾਣਦੇ ਹਾਂ ਭਈ ਤੇਰੇ ਕੋਲੋਂ ਹੀ ਸੁਣੀਏ ਜੋ ਤੂੰ ਕੀ ਮੰਨਦਾ ਹੈਂ ਕਿਉਂ ਜੋ ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।
23 ਜਦ ਉਨ੍ਹਾਂ ਨੇ ਉਹ ਦੇ ਲਈ ਇੱਕ ਦਿਨ ਠਹਿਰਾਇਆ ਤਦ ਬਹੁਤ ਸਾਰੇ ਉਹ ਦੇ ਡੇਰੇ ਉੱਤੇ ਉਸ ਕੋਲ ਆਏ ਅਤੇ ਉਹ ਪਰਮੇਸ਼ੁਰ ਦੇ ਰਾਜ ਉੱਤੇ ਸਾਖੀ ਦੇ ਕੇ ਅਤੇ ਮੂਸਾ ਦੀ ਸ਼ਰਾ ਅਤੇ ਨਬੀਆਂ ਵਿੱਚੋਂ ਯਿਸੂ ਦੇ ਹੱਕ ਵਿੱਚ ਪਰਮਾਣ ਲਿਆ ਕੇ ਸਵੇਰ ਤੋਂ ਲੈ ਕੇ ਸੰਝ ਤਾਈਂ ਉਨ੍ਹਾਂ ਨੂੰ ਉਪਦੇਸ਼ ਕਰਦਾ ਰਿਹਾ।
24 ਤਾਂ ਕਈਆਂ ਨੇ ਓਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਪਰਤੀਤ ਨਾ ਕੀਤੀ।
25 ਜਾਂ ਓਹ ਆਪਸ ਵਿੱਚ ਇੱਕ ਜ਼ਬਾਨ ਨਾ ਹੋਏ ਤਾਂ ਪੌਲੁਸ ਦੇ ਇਹ ਇੱਕ ਗੱਲ ਕਹਿੰਦੇ ਹੀ ਓਹ ਚੱਲੇ ਗਏ ਕਿ ਪਵਿੱਤ੍ਰ ਆਤਮਾ ਨੇ ਤੁਹਾਡੇ ਵੱਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ,-
26 ਇਸ ਪਰਜਾ ਦੇ ਕੋਲ ਜਾਹ ਅਤੇ ਆਖ, ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁਝੋਗੇ ਨਾ,
27 ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਓਹ ਕੰਨਾਂ ਨਾਲ ਉੱਚਾ ਸੁਣਦੇ ਹਨ, ਏਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਓਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂ।
28 ਸੋ ਏਹ ਜਾਣੋ ਭਈ ਪਰਮੇਸ਼ੁਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਦੇ ਕੋਲ ਘੱਲੀ ਗਈ ਹੈ ਅਤੇ ਓਹ ਸੁਣ ਵੀ ਲੈਣਗੀਆਂ।
30 ਤਾਂ ਉਹ ਪੂਰੇ ਦੋ ਵਰਹੇ ਆਪਣੇ ਭਾੜੇ ਦੇ ਘਰ ਵਿੱਚ ਰਿਹਾ ਅਤੇ ਉਨ੍ਹਾਂ ਸਭਨਾਂ ਦਾ ਜੋ ਉਹ ਦੇ ਕੋਲ ਆਉਂਦੇ ਸਨ ਆਦਰ ਭਾਉ ਕਰਦਾ।
31 ਅਰ ਬਿਨਾ ਰੋਕ ਟੋਕ ਅੱਤ ਦਿਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ ਅਤੇ ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦਿੰਦਾ ਰਿਹਾ।