2 Corinthians 
ਕੁਰਿੰਥੀਆਂ ਨੂੰ ਦੂਜੀ ਪੱਤ੍ਰੀ 
ਭੂਮਿਕਾ 
ਕੁਰਿੰਥੀਆਂ ਦੇ ਨਾਮ ਪੌਲੁਸ ਦੀ ਦੂਜੀ ਪੱਤ੍ਰੀ ਕੁਰਿੰਥੀਆਂ ਅਤੇ ਪੌਲੁਸ ਦੇ ਵਿਚਕਾਰ ਕੌੜੇ ਸੰਬੰਧਾਂ ਦੇ ਦੌਰਾਨ ਲਿਖੀ ਗਈ ਸੀ । ਕਲੀਸਿਯਾ ਦੇ ਕੁੱਝ ਲੋਕਾਂ ਨੇ ਪੌਲੁਸ ਦੇ ਵਿਰੁੱਧ ਗੰਭੀਰ ਦੋਸ਼ ਲਾਏ ਸਨ, ਪਰ ਉਹ ਮੇਲ-ਮਿਲਾਪ ਦੀ ਆਪਣੀ ਗਹਿਰੀ ਲਾਲਸਾ ਨੂੰ ਦਿਖਾਉਂਦਾ ਹੈ, ਅਤੇ ਜਦੋਂ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਆਪਣੇ ਹੱਦੋਂ ਵੱਧ ਅਨੰਦ ਨੂੰ ਪ੍ਰਗਟ ਕਰਦਾ ਹੈ । 
ਇਸ ਪੱਤ੍ਰੀ ਦੇ ਪਹਿਲੇ ਭਾਗ ਵਿੱਚ ਪੌਲੁਸ ਕੁਰਿੰਥੀਆਂ ਦੀ ਕਲੀਸਿਯਾ ਦੇ ਨਾਲ ਆਪਣੇ ਸੰਬੰਧਾਂ ਦੇ ਉੱਤੇ ਵਿਚਾਰ ਕਰਦਾ ਹੈ, ਅਤੇ ਉਹਨਾਂ ਨੂੰ ਸਮਝਾਉਂਦਾ ਹੈ ਕਿ ਉਸ ਨੇ ਕਿਉਂ ਕਲੀਸਿਯਾ ਦੇ ਵਿੱਚ ਨਿਰਾਦਰ ਅਤੇ ਵਿਰੋਧ ਕਰਨ ਵਰਗਾ ਕਠੋਰ ਵਿਹਾਰ ਕੀਤਾ ਅਤੇ ਫਿਰ ਉਹ ਆਪਣੇ ਅਨੰਦ ਨੂੰ ਪ੍ਰਗਟ ਕਰਦਾ ਹੈ ਕਿ ਉਸ ਦੀ ਕਠੋਰਤਾ ਦਾ ਨਤੀਜਾ ਤੋਬਾ ਅਤੇ ਮੇਲ-ਮਿਲਾਪ ਹੋਇਆ । ਫਿਰ ਉਹ ਕਲੀਸਿਯਾ ਨੂੰ ਯਹੂਦਿਯਾ ਦੇ ਗਰੀਬ ਮਸੀਹੀਆਂ ਲਈ ਖੁੱਲ੍ਹੇ ਦਿਲ ਨਾਲ ਦਾਨ ਦੇਣ ਦੀ ਬੇਨਤੀ ਕਰਦਾ ਹੈ । ਅੰਤ ਵਿੱਚ ਪੌਲੁਸ ਕੁਰਿੰਥੀਆਂ ਦੇ ਕੁੱਝ ਲੋਕਾਂ ਦੇ ਵਿਰੁੱਧ ਆਪਣੀ ਰਸੂਲਗੀ ਦਾ ਸਮਰਥਨ ਕਰਦਾ ਹੈ ਜਿਹਨਾਂ ਨੇ ਖੁਦ ਹੀ ਆਪਣੇ ਆਪ ਨੂੰ ਸੱਚਾ ਰਸੂਲ ਹੋਣ ਦਾ ਦਰਜਾ ਦੇ ਦਿੱਤਾ ਸੀ, ਜਦੋਂ ਕਿ ਪੌਲੁਸ ਉੱਤੇ ਉਹ ਝੂਠਾ ਰਸੂਲ ਹੋਣ ਦਾ ਦੋਸ਼ ਲਾਉਂਦੇ ਸਨ । 
ਰੂਪ-ਰੇਖਾ: 
ਭੂਮਿਕਾ 1:1-11 
ਪੌਲੁਸ ਅਤੇ ਕੁਰਿੰਥੀਆਂ ਦੀ ਕਲੀਸਿਯਾ 1:12 - 7:16 
ਯਹੂਦਿਯਾ ਦੇ ਮਸੀਹੀਆਂ ਦੇ ਲਈ ਦਾਨ 8:1 - 9:15 
ਪੌਲੁਸ ਦੁਆਰਾ ਰਸੂਲ ਦੇ ਰੂਪ ਵਿੱਚ ਆਪਣੇ ਅਧਿਕਾਰ ਦਾ ਸਮਰਥਨ 10:1 - 13:10 
ਸਿੱਟਾ 13:11-14  
 ੧
ਨਮਸਕਾਰ 
 ੧ ਪੌਲੁਸ, ਜਿਹੜਾ ਪਰਮੇਸ਼ੁਰ ਦੀ ਮਰਜ਼ੀ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਨਾਲੇ ਸਾਡਾ ਭਰਾ ਤਿਮੋਥਿਉਸ ਅੱਗੇ ਯੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਤੇ ਉਨ੍ਹਾਂ ਸਭਨਾਂ ਸੰਤਾਂ ਨਾਲ ਜਿਹੜੇ ਅਖਾਯਾ ਵਿੱਚ ਹਨ ।  ੨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ । 
ਪਰਮੇਸ਼ੁਰ ਦਾ ਧੰਨਵਾਦ ਕਰਨਾ 
 ੩ ਮੁਬਾਰਕ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਯਾ ਦਾ ਪਿਤਾ ਅਤੇ ਸਭ ਪ੍ਰਕਾਰ ਦੀ ਸ਼ਾਂਤੀ ਦਾ ਪਰਮੇਸ਼ੁਰ ਹੈ ।  ੪ ਜੋ ਸਾਡੀਆਂ ਸਾਰੀਆਂ ਬਿਪਤਾ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਜੋ ਅਸੀਂ ਉਸੇ ਦਿਲਾਸੇ ਤੋਂ ਜਿਸ ਨੂੰ ਅਸੀਂ ਪਰਮੇਸ਼ੁਰ ਵੱਲੋਂ ਪਾਇਆ ਹੈ ਉਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਯੋਗ ਹੋਈਏ ।  ੫ ਕਿਉਂਕਿ ਜਿਵੇਂ ਮਸੀਹ ਦੇ ਦੁੱਖ ਸਾਡੇ ਲਈ ਬਹੁਤ ਹਨ ਉਸੇ ਤਰ੍ਹਾਂ ਸਾਡਾ ਦਿਲਾਸਾ ਵੀ ਮਸੀਹ ਦੇ ਰਾਹੀਂ ਬਹੁਤ ਹੈ ।  ੬ ਪਰੰਤੂ ਅਸੀਂ ਭਾਵੇਂ ਬਿਪਤਾ ਭੋਗਦੇ ਹਾਂ ਪਰ ਇਹ ਤਾਂ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ ਅਤੇ ਭਾਵੇਂ ਦਿਲਾਸਾ ਪਾਉਂਦੇ ਹਾਂ ਤਾਂ ਇਹ ਤੁਹਾਡੇ ਉਸ ਦਿਲਾਸੇ ਲਈ ਹੈ ਜਿਹੜਾ ਉਨ੍ਹਾਂ ਦੁੱਖਾਂ ਦੇ ਧੀਰਜ ਨਾਲ ਝੱਲਣ ਵਿੱਚ ਗੁਣਕਾਰੀ ਹੈ ਜੋ ਦੁੱਖ ਅਸੀਂ ਵੀ ਝੱਲਦੇ ਹਾਂ ।  ੭ ਅਤੇ ਤੁਹਾਡੇ ਲਈ ਸਾਡੀ ਇਹ ਆਸ ਯਕੀਨਨ ਹੈ ਕਿਉਂ ਜੋ ਅਸੀਂ ਜਾਣਦੇ ਹਾਂ ਕਿ ਜਿਵੇਂ ਤੁਸੀਂ ਦੁੱਖਾਂ ਵਿੱਚ ਸਾਡੇ ਸਾਂਝੀ ਹੋ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ ਹੋ ।  ੮ ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਅਸਿਯਾ ਵਿੱਚ ਸਾਡੇ ਉੱਤੇ ਆਣ ਪਈ, ਜੋ ਅਸੀਂ ਆਪਣੀ ਸਹਿਨਸ਼ੀਲਤਾ ਤੋਂ ਬਾਹਰ ਦਬਾਏ ਗਏ ਐਥੋਂ ਤੱਕ ਜੋ ਅਸੀਂ ਜੀਉਣ ਦੀ ਆਸ ਛੱਡ ਬੈਠੇ ।  ੯ ਸਗੋਂ ਅਸੀਂ ਆਪਣੇ ਆਪ ਵਿੱਚ ਮੌਤ ਦਾ ਹੁਕਮ ਪਾ ਚੁੱਕੇ ਹਾਂ, ਜੋ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ੁਰ ਦਾ ਜਿਹੜਾ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ ਆਸਰਾ ਰੱਖੀਏ ।  ੧੦ ਜਿਸ ਨੇ ਸਾਨੂੰ ਇਹੋ ਜਿਹੀ ਭਿਆਨਕ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ, ਜਿਸ ਦੇ ਉੱਤੇ ਅਸੀਂ ਆਸ ਰੱਖੀ ਹੈ ਜੋ ਉਹ ਫੇਰ ਵੀ ਸਾਨੂੰ ਛੁਡਾਵੇਗਾ ।  ੧੧ ਤੁਸੀਂ ਵੀ ਰਲ ਮਿਲ ਕੇ ਬੇਨਤੀ ਨਾਲ ਸਾਡੀ ਸਹਾਇਤਾ ਕਰੋ ਜੋ ਉਹ ਵਰਦਾਨ ਜੋ ਬਹੁਤਿਆਂ ਦੇ ਰਾਹੀਂ ਸਾਨੂੰ ਮਿਲਿਆ ਉਹ ਦਾ ਬਹੁਤੇ ਲੋਕ ਸਾਡੇ ਲਈ ਧੰਨਵਾਦ ਵੀ ਕਰਨ । 
ਪੌਲੁਸ ਦੀ ਯਾਤਰਾ ਯੋਜਨਾ ਵਿੱਚ ਤਬਦੀਲੀ 
 ੧੨ ਸਾਨੂੰ ਇਸ ਗੱਲ ਤੇ ਮਾਣ ਹੈ ਜੋ ਸਾਡਾ ਵਿਵੇਕ ਗਵਾਹੀ ਦਿੰਦਾ ਹੈ, ਜੋ ਸਾਡਾ ਚਾਲ-ਚਲਣ ਸੰਸਾਰ ਵਿੱਚ ਖ਼ਾਸ ਕਰ ਤੁਹਾਡੇ ਵਿੱਚ ਸਰੀਰਕ ਗਿਆਨ ਤੋਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਤੋਂ ਪਵਿੱਤਰਤਾਈ ਅਤੇ ਨਿਰਦੋਸ਼ਤਾ ਨਾਲ ਜੋ ਪਰਮੇਸ਼ੁਰ ਦੇ ਯੋਗ ਰਿਹਾ ਹੈ ।  ੧੩ ਕਿਉਂ ਜੋ ਅਸੀਂ ਹੋਰ ਗੱਲਾਂ ਨਹੀਂ ਸਗੋਂ ਉਹ ਗੱਲਾਂ ਤੁਹਾਡੀ ਲਈ ਲਿਖਦੇ ਹਾਂ ਜਿਨ੍ਹਾਂ ਨੂੰ ਤੁਸੀਂ ਪੜ੍ਹਦੇ ਦੇ ਹੋ ਅਤੇ ਮੰਨਦੇ ਵੀ ਹੋ ਅਤੇ ਮੈਨੂੰ ਆਸ ਹੈ ਜੋ ਤੁਸੀਂ ਅੰਤ ਤੱਕ ਮੰਨੋਗੇ ।  ੧੪ ਜਿਵੇਂ ਤੁਸੀਂ ਸਾਨੂੰ ਕੁੱਝ ਕੁੱਝ ਮੰਨ ਵੀ ਲਿਆ ਜੋ ਸਾਡੇ ਪ੍ਰਭੂ ਯਿਸੂ ਦੇ ਦਿਨ ਅਸੀਂ ਤੁਹਾਡਾ ਘਮੰਡ ਹਾਂ ਜਿਵੇਂ ਤੁਸੀਂ ਸਾਡਾ ਵੀ ਹੋ । 
 ੧੫ ਇਸੇ ਭਰੋਸੇ ਨਾਲ ਮੈਂ ਚਾਹਿਆ ਜੋ ਪਹਿਲਾਂ ਤੁਹਾਡੇ ਕੋਲ ਆਵਾਂ ਜੋ ਤੁਹਾਨੂੰ ਦੂਜੀ ਵਾਰ ਅਨੰਦ ਪ੍ਰਾਪਤ ਹੋਵੇ ।  ੧੬ ਅਤੇ ਤੁਹਾਡੇ ਕੋਲੋਂ ਹੋ ਕੇ ਮਕਦੂਨਿਯਾ ਨੂੰ ਜਾਂਵਾਂ ਅਤੇ ਫਿਰ ਮਕਦੂਨਿਯਾ ਤੋਂ ਤੁਹਾਡੇ ਕੋਲ ਆਵਾਂ ਅਤੇ ਤੁਹਾਡੇ ਕੋਲੋਂ ਯਹੂਦਿਯਾ ਵੱਲ ਪਹੁੰਚਾਇਆ ਜਾਂਵਾਂ ।  ੧੭ ਉਪਰੰਤ ਜਦ ਮੈਂ ਇਹ ਚਾਹਤ ਕੀਤੀ ਤਾਂ ਫਿਰ ਕੀ ਮੈਂ ਕੁੱਝ ਚਲਾਕੀ ਕੀਤੀ ? ਅਥਵਾ ਜੋ ਚਾਹੁੰਦਾ ਹਾਂ ਕੀ ਸਰੀਰ ਦੇ ਅਨੁਸਾਰ ਕਰਦਾ ਹਾਂ ਜੋ ਮੇਰੇ ਤੋਂ ਹਾਂ ਦੀ ਹਾਂ ਹੋਵੇ ? ਅਤੇ ਨਾਂਹ ਦੀ ਨਾਂਹ ਵੀ ?  ੧੮ ਜਿਸ ਤਰ੍ਹਾਂ ਪਰਮੇਸ਼ੁਰ ਵਫ਼ਾਦਾਰ ਹੈ, ਸਾਡਾ ਬਚਨ ਤੁਹਾਡੇ ਨਾਲ ਹਾਂ ਅਤੇ ਨਾਂਹ, ਦੋਨੋਂ ਨਹੀਂ ।  ੧੯ ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ ਜਿਸ ਦਾ ਅਸੀਂ ਅਰਥਾਤ ਮੈਂ ਅਤੇ ਸਿਲਵਾਨੁਸ ਅਤੇ ਤਿਮੋਥਿਉਸ ਨੇ ਤੁਹਾਡੇ ਵਿੱਚ ਪ੍ਰਚਾਰ ਕੀਤਾ ਸੋ ਹਾਂ ਅਤੇ ਨਾਂਹ ਨਹੀਂ ਸਗੋਂ ਉਸ ਵਿੱਚ ਹਾਂ ਹੀ ਹਾਂ ਹੋਈ ।  ੨੦ ਕਿਉਂ ਜੋ ਪਰਮੇਸ਼ੁਰ ਦੇ ਵਾਇਦੇ ਭਾਵੇਂ ਕਿੰਨੇ ਹੀ ਹੋਣ ਉਸ ਵਿੱਚ ਹਾਂ ਹੀ ਹਾਂ ਹੈ । ਇਸ ਲਈ ਉਸ ਦੇ ਰਾਹੀਂ ਆਮੀਨ ਵੀ ਹੈ ਤਾਂ ਕਿ ਸਾਡੇ ਦੁਆਰਾ ਪਰਮੇਸ਼ੁਰ ਦੀ ਵਡਿਆਈ ਹੋਵੇ ।  ੨੧ ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਕਾਇਮ ਕਰਦਾ ਹੈ ਅਤੇ ਜਿਸ ਨੇ ਸਾਨੂੰ ਮਸਹ ਕੀਤਾ ਉਹ ਪਰਮੇਸ਼ੁਰ ਹੈ ।  ੨੨ ਉਸ ਨੇ ਸਾਡੇ ਉੱਤੇ ਮੋਹਰ ਵੀ ਲਾਈ ਅਤੇ ਸਾਡਿਆਂ ਜੀਵਨਾਂ ਵਿੱਚ ਸਾਨੂੰ ਆਤਮਾ ਦੀ ਸਾਈ ਦਿੱਤੀ । 
 ੨੩ ਹੁਣ ਮੈਂ ਆਪਣੀ ਜਾਨ ਲਈ ਪਰਮੇਸ਼ੁਰ ਨੂੰ ਗਵਾਹ ਕਰਕੇ ਭੁਗਤਾਉਂਦਾ ਹਾਂ ਜੋ ਮੈਂ ਤੁਹਾਡੇ ਬਚਾਓ ਖਾਤਰ ਹੁਣ ਤੱਕ ਕੁਰਿੰਥੁਸ ਨੂੰ ਨਹੀਂ ਆਇਆ ।  ੨੪ ਇਹ ਨਹੀਂ ਜੋ ਅਸੀਂ ਤੁਹਾਡੀ ਵਿਸ਼ਵਾਸ ਉੱਤੇ ਹੁਕਮ ਚਲਾਉਂਦੇ ਹਾਂ ਸਗੋਂ ਤੁਹਾਡੇ ਅਨੰਦ ਵਿੱਚ ਸਹਾਇਤਾ ਕਰਨ ਵਾਲੇ ਹਾਂ ਕਿਉਂ ਜੋ ਤੁਸੀਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ।