੧ ਪਰ ਮੈਂ ਆਪਣੇ ਆਪ ਵਿੱਚ ਮਜ਼ਬੂਤ ਇਰਾਦਾ ਕਰ ਲਿਆ ਹੈ ਕਿ ਤੁਹਾਡੇ ਕੋਲ ਫੇਰ ਦੁੱਖ ਨਾਲ ਨਾ ਆਵਾਂ । ੨ ਜੇ ਮੈਂ ਤੁਹਾਨੂੰ ਦੁੱਖੀ ਕਰਾਂ ਤਾਂ ਉਸ ਦੇ ਬਿਨ੍ਹਾਂ ਜਿਸ ਨੂੰ ਮੈਂ ਦੁੱਖੀ ਕੀਤਾ ਮੈਨੂੰ ਅਨੰਦ ਕਰਨ ਵਾਲਾ ਕੌਣ ਹੈ ? ੩ ਅਤੇ ਮੈਂ ਇਹੋ ਗੱਲ ਲਿਖੀ ਸੀ ਜੋ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਆਣ ਕੇ ਉਨ੍ਹਾਂ ਵੱਲੋਂ ਦੁੱਖੀ ਹੋਵਾਂ ਜਿਨ੍ਹਾਂ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਹੈ ਕਿਉਂ ਜੋ ਮੈਨੂੰ ਤੁਹਾਡੇ ਸਭ ਤੇ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡਾ ਸਭ ਦਾ ਅਨੰਦ ਹੈ । ੪ ਕਿਉਂ ਜੋ ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਬਹਾ ਕੇ ਤੁਹਾਨੂੰ ਲਿਖਿਆ, ਸੋ ਇਸ ਲਈ ਨਹੀਂ ਜੋ ਤੁਸੀਂ ਦੁੱਖੀ ਹੋਵੋ ਸਗੋਂ ਇਸ ਲਈ ਜੋ ਤੁਸੀਂ ਉਸ ਪਿਆਰ ਨੂੰ ਜਾਣੋ ਜਿਹੜਾ ਮੈਂ ਤੁਹਾਡੇ ਨਾਲ ਬਹੁਤ ਕਰਦਾ ਹਾਂ ।
ਅਪਰਾਧੀਆਂ ਦੇ ਲਈ ਮਾਫ਼ੀ
੫ ਪਰ ਜੇ ਕਿਸੇ ਨੇ ਦੁੱਖ ਦਿੱਤਾ ਹੈ ਤਾਂ ਮੈਨੂੰ ਨਹੀਂ ਸਗੋਂ ਕੁੱਝ ਕੁ ( ਜੋ ਉਸ ਨਾਲ ਬਹੁਤ ਧੱਕਾ ਨਾ ਕਰਾਂ ) ਤੁਹਾਨੂੰ ਸਭਨਾਂ ਨੂੰ ਦੁੱਖ ਦਿੱਤਾ । ੬ ਇਹੋ ਜਿਹੇ ਮਨੁੱਖ ਲਈ ਇਹ ਤਾੜਨਾ ਜੋ ਬਹੁਤ ਲੋਕਾਂ ਨੇ ਕੀਤੀ ਸੋ ਬਥੇਰੀ ਹੈ । ੭ ਸਗੋਂ ਤੁਹਾਨੂੰ ਚਾਹੀਦਾ ਹੈ ਜੋ ਉਸ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ । ਇਸ ਤਰ੍ਹਾਂ ਨਾ ਹੋਵੇ ਬਹੁਤਾ ਗ਼ਮ ਇਹੋ ਜਿਹੇ ਮਨੁੱਖ ਨੂੰ ਖਾ ਜਾਵੇ । ੮ ਉਪਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਨੂੰ ਆਪਣੇ ਪਿਆਰ ਦਾ ਸਬੂਤ ਦਿਓ । ੯ ਕਿਉਂ ਜੋ ਮੈਂ ਇਸ ਲਈ ਵੀ ਲਿਖਿਆ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ । ੧੦ ਪਰ ਜਿਹ ਨੂੰ ਤੁਸੀਂ ਕੁੱਝ ਮਾਫ਼ ਕਰਦੇ ਹੋ ਮੈਂ ਵੀ ਮਾਫ਼ ਕਰਦਾ ਹਾਂ ਕਿਉਂ ਜੋ ਮੈਂ ਵੀ ਜੋ ਕੁੱਝ ਮਾਫ਼ ਕੀਤਾ ਹੈ, ਤਾਂ ਮੈਂ ਤੁਹਾਡੇ ਕਾਰਨ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ । ੧੧ ਤਾਂ ਕਿ ਸ਼ੈਤਾਨ ਸਾਡੇ ਨਾਲ ਕੋਈ ਚਾਲ ਨਾ ਚੱਲੇ ਕਿਉਂ ਜੋ ਅਸੀਂ ਉਸ ਦੀਆਂ ਚਲਾਕੀਆਂ ਤੋਂ ਅਣਜਾਣ ਨਹੀਂ ।
ਨਵੇਂ ਨੇਮ ਦੀ ਸੇਵਕਾਈ
੧੨ ਜਦੋਂ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਲਈ ਤ੍ਰੋਆਸ ਵਿੱਚ ਪਹੁੰਚਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਦਰਵਾਜ਼ਾ ਮੇਰੇ ਲਈ ਖੋਲ੍ਹਿਆ ਗਿਆ । ੧੩ ਤਾਂ ਜਦੋਂ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖਿਆ ਮੇਰੇ ਆਤਮਾ ਨੂੰ ਚੈਨ ਨਾ ਮਿਲਿਆ ਪਰ ਉਨ੍ਹਾਂ ਤੋਂ ਵਿਦਿਆ ਹੋ ਕੇ ਮੈਂ ਮਕਦੂਨਿਯਾ ਨੂੰ ਗਿਆ । ੧੪ ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਮਸੀਹ ਵਿੱਚ ਸਾਨੂੰ ਸਦਾ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਉਸ ਦੇ ਗਿਆਨ ਦੀ ਖੁਸ਼ਬੂ ਸਾਡੇ ਰਾਹੀਂ ਜਗ੍ਹਾ ਜਗ੍ਹਾ ਖਿਲਾਰਦਾ ਹੈ । ੧੫ ਕਿਉਂ ਜੋ ਅਸੀਂ ਪਰਮੇਸ਼ੁਰ ਦੇ ਲਈ ਉਨ੍ਹਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚ ਜਿਹੜੇ ਨਾਸ ਹੋ ਰਹੇ ਹਨ, ਮਸੀਹ ਦੀ ਖੁਸ਼ਬੂ ਹਾਂ । ੧੬ ਇਨ੍ਹਾਂ ਨੂੰ ਮੌਤ ਲਈ ਮੌਤ ਦੀ ਬੋ ਪਰ ਉਨ੍ਹਾਂ ਨੂੰ ਜੀਵਨ ਲਈ ਜੀਵਨ ਦੀ ਖੁਸ਼ਬੂ ਹਾਂ ਅਤੇ ਇਨ੍ਹਾਂ ਗੱਲਾਂ ਜੋਗ ਕੌਣ ਹੈ ? ੧੭ ਅਸੀਂ ਤਾਂ ਬਹੁਤਿਆਂ ਦੀ ਤਰ੍ਹਾਂ ਪਰਮੇਸ਼ੁਰ ਦੀ ਬਾਣੀ ਵਿੱਚ ਮਿਲਾਵਟ ਨਹੀਂ ਕਰਦੇ, ਪਰ ਨਿਸ਼ਕਪਟਤਾ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ ।