ਮਫੀਬੋਸ਼ਥ ਉੱਤੇ ਦਾਊਦ ਦੀ ਕਿਰਪਾ
੧ ਫਿਰ ਦਾਊਦ ਨੇ ਪੁੱਛਿਆ, ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਵੀ ਕੋਈ ਰਹਿੰਦਾ ਹੈ ਤਾਂ ਜੋ ਮੈਂ ਯੋਨਾਥਾਨ ਦੇ ਕਾਰਨ ਉਸ ਉੱਤੇ ਦਯਾ ਕਰਾਂ ? ੨ ਸ਼ਾਊਲ ਦੇ ਘਰਾਣੇ ਦਾ ਸੀਬਾ ਨਾਮ ਦਾ ਇੱਕ ਸੇਵਕ ਸੀ ਜਦ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਸੱਦਿਆ ਤਾਂ ਰਾਜਾ ਨੇ ਉਸ ਨੂੰ ਪੁੱਛਿਆ, ਤੂੰ ਸੀਬਾ ਹੈਂ ? ਉਹ ਬੋਲਿਆ, ਜੀ ਤੁਹਾਡਾ ਸੇਵਕ ਮੈਂ ਉਹੋ ਹੀ ਹਾਂ । ੩ ਤਦ ਰਾਜਾ ਨੇ ਉਹ ਨੂੰ ਆਖਿਆ, ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਰਹਿੰਦਾ ਹੈ ਤਾਂ ਜੋ ਮੈਂ ਉਹ ਦੇ ਨਾਲ ਪਰਮੇਸ਼ੁਰ ਜਿਹੀ ਦਯਾ ਕਰਾਂ ? ਸੀਬਾ ਨੇ ਰਾਜਾ ਨੂੰ ਆਖਿਆ, ਅਜੇ ਯੋਨਾਥਾਨ ਦਾ ਇੱਕ ਪੁੱਤਰ ਹੈ ਜੋ ਪੈਰੋਂ ਲੰਗੜਾ ਹੈ । ੪ ਤਦ ਰਾਜਾ ਨੇ ਉਹ ਨੂੰ ਪੁੱਛਿਆ, ਉਹ ਕਿੱਥੇ ਹੈ ? ਸੀਬਾ ਨੇ ਰਾਜਾ ਨੂੰ ਆਖਿਆ ਵੇਖੋ ਲੋਦਬਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ । ੫ ਸੋ ਦਾਊਦ ਰਾਜਾ ਨੇ ਮਨੁੱਖ ਭੇਜੇ ਅਤੇ ਲੋਦਬਾਰ ਤੋਂ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਉਹ ਨੂੰ ਮੰਗਵਾ ਲਿਆ । ੬ ਅਤੇ ਜਦ ਸ਼ਾਊਲ ਦਾ ਪੋਤਰਾ ਯੋਨਾਥਨ ਦਾ ਪੁੱਤਰ ਮਫੀਬੋਸ਼ਥ ਦਾਊਦ ਦੇ ਕੋਲ ਆਇਆ ਤਾਂ ਉਸ ਨੇ ਮੂੰਹ ਦੇ ਭਾਰ ਡਿੱਗ ਕੇ ਮੱਥਾ ਟੇਕਿਆ । ਤਦ ਦਾਊਦ ਨੇ ਆਖਿਆ, ਮਫੀਬੋਸ਼ਥ ! ਉਸ ਨੇ ਆਖਿਆ, ਵੇਖੋ, ਤੁਹਾਡਾ ਸੇਵਕ ਹਾਜ਼ਰ ਹੈ ! ੭ ਸੋ ਦਾਊਦ ਨੇ ਉਹ ਨੂੰ ਆਖਿਆ, ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੇ ਕਾਰਨ ਤੇਰੇ ਨਾਲ ਭਲਿਆਈ ਕਰਾਗਾਂ ਅਤੇ ਤੇਰੇ ਦਾਦਾ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਮੋੜ ਦਿਆਂਗਾ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਤੋਂ ਰੋਟੀ ਖਾਵੇਂਗਾ । ੮ ਤਦ ਉਸ ਨੇ ਮੱਥਾ ਟੇਕਿਆ ਅਤੇ ਬੋਲਿਆ, ਤੁਹਾਡਾ ਸੇਵਕ ਹੈ ਹੀ ਕੀ ਜੋ ਤੁਸੀਂ ਮੇਰੇ ਉੱਤੇ ਜੋ ਮਰੇ ਹੋਏ ਕੁੱਤੇ ਵਰਗਾ ਹਾਂ ਧਿਆਨ ਕਰੋ । ੯ ਤਦ ਰਾਜਾ ਨੇ ਸ਼ਾਊਲ ਦੇ ਸੇਵਕ ਸੀਬਾ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਮੈਂ ਸਭ ਕੁਝ ਜੋ ਸ਼ਾਊਲ ਅਤੇ ਉਸ ਦੇ ਘਰਾਣੇ ਦਾ ਸੀ, ਸੋ ਤੇਰੇ ਮਾਲਕ ਦੇ ਪੁੱਤਰ ਨੂੰ ਦੇ ਦਿੱਤਾ ਹੈ । ੧੦ ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਹ ਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤਰ ਦੇ ਲਈ ਰੋਟੀ ਹੋਵੇ ਪਰ ਮਫੀਬੋਸ਼ਥ ਜੋ ਤੇਰੇ ਮਾਲਕ ਦਾ ਪੁੱਤਰ ਹੈ ਉਹ ਹਮੇਸ਼ਾ ਲਈ ਮੇਰੀ ਮੇਜ਼ ਤੋਂ ਰੋਟੀ ਖਾਵੇਗਾ, ਸੀਬਾ ਦੇ ਪੰਦਰਾ ਪੁੱਤਰ ਅਤੇ ਵੀਹ ਸੇਵਕ ਸਨ । ੧੧ ਸੀਬਾ ਨੇ ਰਾਜਾ ਨੂੰ ਆਖਿਆ, ਸਭ ਕੁਝ ਜੋ ਮੇਰੇ ਮਹਾਰਾਜ ਰਾਜਾ ਨੇ ਆਪਣੇ ਸੇਵਕ ਨੂੰ ਆਖਿਆ ਹੈ ਸੋ ਤੁਹਾਡਾ ਸੇਵਕ ਕਰੇਗਾ ਪਰ ਮਫੀਬੋਸ਼ਥ ਦੇ ਲਈ ਰਾਜਾ ਨੇ ਆਖਿਆ ਕਿ ਉਹ ਰਾਜਾ ਦੇ ਪੁੱਤਰਾਂ ਵਾਂਗੂੰ ਮੇਰੀ ਮੇਜ਼ ਤੋਂ ਰੋਟੀ ਖਾਵੇਗਾ । ੧੨ ਮਫੀਬੋਸ਼ਥ ਦਾ ਮੀਕਾ ਨਾਮ ਦੇ ਇੱਕ ਛੋਟਾ ਜਿਹਾ ਪੁੱਤਰ ਸੀ ਅਤੇ ਜਿਨ੍ਹੇ ਸੀਬਾ ਦੇ ਘਰ ਵਿੱਚ ਰਹਿੰਦੇ ਸਨ ਸਭ ਮਫੀਬੋਸ਼ਥ ਦੇ ਸੇਵਕ ਸਨ । ੧੩ ਮਫੀਬੋਸ਼ਥ ਯਰੂਸ਼ਲਮ ਵਿੱਚ ਰਿਹਾ ਕਿਉਂ ਜੋ ਉਹ ਹਮੇਸ਼ਾ ਰਾਜੇ ਦੀ ਮੇਜ਼ ਤੋਂ ਭੋਜਨ ਕਰਦਾ ਸੀ ਅਤੇ ਦੋਹਾਂ ਪੈਰਾਂ ਤੋ ਲੰਗੜਾ ਸੀ ।