੨੯
ਯਾਕੂਬ ਦਾ ਲਾਬਾਨ ਨੂੰ ਮਿਲਣਾ
੧ ਯਾਕੂਬ ਉੱਥੋਂ ਪੈਦਲ ਚੱਲ ਕੇ ਪੂਰਬੀਆਂ ਦੇ ਦੇਸ਼ ਵਿੱਚ ਆਇਆ ੨ ਅਤੇ ਉਸ ਨੇ ਵੇਖਿਆ ਤਾਂ ਵੇਖੋ, ਮੈਦਾਨ ਵਿੱਚ ਇੱਕ ਖੂਹ ਸੀ ਅਤੇ ਉੱਥੇ ਭੇਡਾਂ ਦੇ ਤਿੰਨ ਇੱਜੜ ਉਸ ਖੂਹ ਦੇ ਕੋਲ ਬੈਠੇ ਹੋਏ ਸਨ, ਕਿਉਂ ਜੋ ਓਹ ਉਸ ਖੂਹ ਤੋਂ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਉਸ ਖੂਹ ਦੇ ਮੂੰਹ ਉੱਤੇ ਵੱਡਾ ਪੱਥਰ ਸੀ । ੩ ਜਦ ਸਾਰੇ ਇੱਜੜ ਉੱਥੇ ਇਕੱਠੇ ਹੁੰਦੇ ਸਨ ਤਾਂ ਓਹ ਉਸ ਪੱਥਰ ਨੂੰ ਖੂਹ ਦੇ ਮੂੰਹੋਂ ਰੇੜ੍ਹਦੇ ਸਨ ਅਤੇ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਫੇਰ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੇ ਸਥਾਨ ਤੇ ਰੱਖ ਦਿੰਦੇ ਸਨ । ੪ ਤਦ ਯਾਕੂਬ ਨੇ ਆਜੜੀਆਂ ਨੂੰ ਪੁੱਛਿਆ, ਮੇਰੇ ਭਰਾਵੋ, ਤੁਸੀਂ ਕਿੱਥੋਂ ਦੇ ਹੋ ? ਉਨ੍ਹਾਂ ਨੇ ਆਖਿਆ, ਅਸੀਂ ਹਾਰਾਨ ਤੋਂ ਹਾਂ । ੫ ਤਦ ਉਸ ਨੇ ਓਹਨਾਂ ਨੂੰ ਪੁੱਛਿਆ, ਕੀ ਤੁਸੀਂ ਨਾਹੋਰ ਦੇ ਪੁੱਤਰ ਲਾਬਾਨ ਨੂੰ ਜਾਣਦੇ ਹੋ ? ਉਨ੍ਹਾਂ ਨੇ ਆਖਿਆ, ਹਾਂ, ਅਸੀਂ ਜਾਣਦੇ ਹਾਂ । ੬ ਉਸ ਨੇ ਪੁੱਛਿਆ, ਕੀ ਉਹ ਚੰਗਾ ਭਲਾ ਹੈ ? ਉਨ੍ਹਾਂ ਨੇ ਆਖਿਆ, ਹਾਂ, ਉਹ ਚੰਗਾ ਭਲਾ ਹੈ ਅਤੇ ਵੇਖ ਉਹ ਦੀ ਧੀ ਰਾਖ਼ੇਲ ਭੇਡਾਂ ਲੈ ਕੇ ਆਉਂਦੀ ਹੈ । ੭ ਉਸ ਨੇ ਆਖਿਆ, ਵੇਖੋ, ਅਜੇ ਦਿਨ ਵੱਡਾ ਹੈ ਅਤੇ ਅਜੇ ਪਸ਼ੂਆਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ । ਇਸ ਲਈ ਤੁਸੀਂ ਭੇਡਾਂ ਨੂੰ ਪਾਣੀ ਪਿਲਾ ਕੇ ਚਾਰਨ ਲਈ ਲੈ ਜਾਓ । ੮ ਪਰ ਉਨ੍ਹਾਂ ਨੇ ਆਖਿਆ, ਅਸੀਂ ਅਜਿਹਾ ਨਹੀਂ ਕਰ ਸਕਦੇ, ਜਦ ਤੱਕ ਸਾਰੇ ਇੱਜੜ ਇਕੱਠੇ ਨਾ ਹੋਣ ਅਤੇ ਓਹ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੋਂ ਨਾ ਰੇੜ੍ਹਨ ਤਦ ਤੱਕ ਅਸੀਂ ਭੇਡਾਂ ਨੂੰ ਪਾਣੀ ਨਹੀਂ ਪਿਲਾ ਸਕਦੇ । ੯ ਉਹ ਉਨ੍ਹਾਂ ਨਾਲ ਗੱਲਾਂ ਕਰਦਾ ਹੀ ਸੀ ਕਿ ਰਾਖ਼ੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ, ਕਿਉਂ ਜੋ ਉਹ ਭੇਡ-ਬੱਕਰੀਆਂ ਚਾਰਦੀ ਸੀ । ੧੦ ਜਦ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਖ਼ੇਲ ਨੂੰ ਅਤੇ ਉਸ ਦੇ ਇੱਜੜ ਨੂੰ ਵੇਖਿਆ ਤਾਂ ਯਾਕੂਬ ਨੇ ਨੇੜੇ ਜਾ ਕੇ ਉਸ ਪੱਥਰ ਨੂੰ ਖੂਹ ਦੇ ਮੂੰਹ ਤੋਂ ਰੇੜ੍ਹਿਆ ਅਤੇ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਪਾਣੀ ਪਿਲਾਇਆ । ੧੧ ਯਾਕੂਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਇਆ । ੧੨ ਤਦ ਯਾਕੂਬ ਨੇ ਰਾਖ਼ੇਲ ਨੂੰ ਦੱਸਿਆ, ਮੈਂ ਤੇਰੇ ਪਿਤਾ ਦਾ ਰਿਸ਼ਤੇਦਾਰ ਅਤੇ ਮੈਂ ਰਿਬਕਾਹ ਦਾ ਪੁੱਤਰ ਹਾਂ । ਤਦ ਉਸ ਨੇ ਨੱਠ ਕੇ ਆਪਣੇ ਪਿਤਾ ਨੂੰ ਦੱਸਿਆ । ੧੩ ਜਦ ਲਾਬਾਨ ਨੇ ਆਪਣੇ ਭਾਣਜੇ ਦੀ ਖ਼ਬਰ ਸੁਣੀ ਤਾਂ ਉਸ ਦੇ ਮਿਲਣ ਨੂੰ ਨੱਠਾ ਅਤੇ ਜੱਫੀ ਪਾ ਕੇ ਉਸ ਨੂੰ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਤਾਂ ਯਾਕੂਬ ਨੇ ਲਾਬਾਨ ਨੂੰ ਸਾਰੀਆਂ ਗੱਲਾਂ ਦੱਸੀਆਂ । ੧੪ ਤਦ ਲਾਬਾਨ ਨੇ ਉਸ ਨੂੰ ਆਖਿਆ, ਤੂੰ ਸੱਚ-ਮੁੱਚ ਮੇਰੀ ਹੱਡੀ ਅਤੇ ਮੇਰਾ ਮਾਸ ਹੈਂ, ਤਾਂ ਉਹ ਮਹੀਨਾ ਉਸ ਦੇ ਘਰ ਰਿਹਾ ।
ਰਾਖ਼ੇਲ ਅਤੇ ਲੇਆਹ ਦੇ ਲਈ ਸੇਵਾ
੧੫ ਫੇਰ ਲਾਬਾਨ ਨੇ ਯਾਕੂਬ ਨੂੰ ਆਖਿਆ, ਇਸ ਕਾਰਨ ਕਿ ਤੂੰ ਮੇਰਾ ਰਿਸ਼ਤੇਦਾਰ ਹੈਂ, ਕੀ ਮੇਰੀ ਸੇਵਾ ਮੁਫ਼ਤ ਹੀ ਕਰੇਂਗਾ ? ਮੈਨੂੰ ਦੱਸ, ਤੂੰ ਕੀ ਮਜ਼ਦੂਰੀ ਲਵੇਂਗਾ ? ਲਾਬਾਨ ਦੀਆਂ ਦੋ ਧੀਆਂ ਸਨ, ੧੬ ਵੱਡੀ ਦਾ ਨਾਮ ਲੇਆਹ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ । ੧੭ ਲੇਆਹ ਦੀਆਂ ਅੱਖਾਂ ਕੋਮਲ ਸਨ ਪਰ ਰਾਖ਼ੇਲ ਰੂਪਵੰਤ ਅਤੇ ਵੇਖਣ ਵਿੱਚ ਸੋਹਣੀ ਸੀ । ੧੮ ਯਾਕੂਬ ਰਾਖ਼ੇਲ ਨੂੰ ਪਿਆਰ ਕਰਦਾ ਸੀ ਇਸ ਲਈ ਉਸ ਨੇ ਆਖਿਆ, ਮੈਂ ਤੇਰੀ ਛੋਟੀ ਧੀ ਰਾਖ਼ੇਲ ਲਈ ਸੱਤ ਸਾਲ ਤੱਕ ਤੇਰੀ ਸੇਵਾ ਕਰਾਂਗਾ । ੧੯ ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ, ੨੦ ਤੂੰ ਮੇਰੇ ਨਾਲ ਰਹਿ । ਯਾਕੂਬ ਨੇ ਰਾਖ਼ੇਲ ਲਈ ਸੱਤ ਸਾਲ ਸੇਵਾ ਕੀਤੀ ਅਤੇ ਪ੍ਰੇਮ ਦੇ ਕਾਰਨ ਉਹ ਉਸ ਲਈ ਥੋੜ੍ਹੇ ਦਿਨ ਦੇ ਬਰਾਬਰ ਸਨ । ੨੧ ਤਦ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇ ਜੋ ਮੈਂ ਉਸ ਕੋਲ ਜਾਂਵਾਂ ਜੋ ਮੇਰਾ ਸਮਾਂ ਪੂਰਾ ਹੋ ਗਿਆ ਹੈ । ੨੨ ਤਦ ਲਾਬਾਨ ਨੇ ਉਸ ਸਥਾਨ ਦੇ ਸਭ ਮਨੁੱਖਾਂ ਨੂੰ ਇੱਕਠੇ ਕਰ ਕੇ ਵੱਡੀ ਦਾਵਤ ਕੀਤੀ ੨੩ ਅਤੇ ਸ਼ਾਮ ਦੇ ਵੇਲੇ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੂਬ ਦੇ ਕੋਲ ਆਇਆ ਅਤੇ ਉਹ ਉਸ ਦੇ ਕੋਲ ਗਿਆ । ੨੪ ਲਾਬਾਨ ਨੇ ਉਹ ਨੂੰ ਆਪਣੀ ਦਾਸੀ ਜਿਲਫਾਹ ਦਿੱਤੀ ਤਾਂ ਜੋ ਉਸ ਦੀ ਧੀ ਲੇਆਹ ਲਈ ਦਾਸੀ ਹੋਵੇ । ੨੫ ਜਦ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ, ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ ? ਕੀ ਰਾਖ਼ੇਲ ਲਈ ਮੈਂ ਤੇਰੀ ਸੇਵਾ ਨਹੀਂ ਕੀਤੀ ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ? ੨੬ ਲਾਬਾਨ ਨੇ ਆਖਿਆ, ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੁੰਦਾ ਕਿ ਛੋਟੀ ਨੂੰ ਵੱਡੀ ਤੋਂ ਪਹਿਲਾਂ ਵਿਆਹ ਦੇਈਏ । ੨੭ ਇਹ ਦਾ ਹਫ਼ਤਾ ਪੂਰਾ ਕਰ, ਤਾਂ ਮੈਂ ਤੈਨੂੰ ਦੂਜੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਤੱਕ ਕਰੇਂਗਾ ਦੇ ਦਿਆਂਗਾ । ੨੮ ਯਾਕੂਬ ਨੇ ਅਜਿਹਾ ਹੀ ਕੀਤਾ ਅਤੇ ਲੇਆਹ ਦਾ ਹਫ਼ਤਾ ਪੂਰਾ ਕੀਤਾ ਤਦ ਉਸ ਉਹ ਨੂੰ ਆਪਣੀ ਧੀ ਰਾਖ਼ੇਲ ਵਿਆਹ ਦਿੱਤੀ । ੨੯ ਤਦ ਲਾਬਾਨ ਨੇ ਆਪਣੀ ਦਾਸੀ ਬਿਲਹਾਹ, ਆਪਣੀ ਧੀ ਰਾਖ਼ੇਲ ਲਈ ਦਿੱਤੀ ਜੋ ਉਹ ਉਸ ਦੀ ਦਾਸੀ ਹੋਵੇ । ੩੦ ਤਦ ਯਾਕੂਬ ਉਹ ਰਾਖ਼ੇਲ ਕੋਲ ਵੀ ਗਿਆ ਕਿਉਂ ਜੋ ਉਹ ਰਾਖ਼ੇਲ ਨੂੰ ਲੇਆਹ ਨਾਲੋਂ ਵੱਧ ਪ੍ਰੇਮ ਕਰਦਾ ਸੀ ਤੇ ਉਸ ਨੇ ਹੋਰ ਸੱਤ ਸਾਲ ਤੱਕ ਉਸ ਦੀ ਸੇਵਾ ਕੀਤੀ ।
ਯਾਕੂਬ ਦੀ ਸੰਤਾਨ
੩੧ ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ ਤਾਂ ਉਸ ਨੇ ਉਹ ਦੀ ਕੁੱਖ ਖੋਲ੍ਹੀ, ਪਰ ਰਾਖ਼ੇਲ ਬਾਂਝ ਰਹੀ । ੩੨ ਤਦ ਲੇਆਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਰਊਬੇਨ ਰੱਖਿਆ, ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਹੈ, ਹੁਣ ਮੇਰਾ ਪਤੀ ਮੇਰੇ ਨਾਲ ਪ੍ਰੇਮ ਕਰੇਗਾ । ੩੩ ਉਹ ਫੇਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਯਹੋਵਾਹ ਨੇ ਸੁਣਿਆ ਕਿ ਮੈਂ ਤੁੱਛ ਜਾਣੀ ਗਈ, ਇਸ ਕਾਰਨ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਅਤੇ ਉਸ ਦਾ ਨਾਮ ਸ਼ਿਮਓਨ ਰੱਖਿਆ । ੩੪ ਉਹ ਫੇਰ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੇਰਾ ਪਤੀ ਮੇਰੇ ਨਾਲ ਮਿਲੇਗਾ ਕਿਉਂ ਜੋ ਮੈਂ ਉਸ ਦੇ ਲਈ ਤਿੰਨ ਪੁੱਤਰ ਜਣੇ ਹਨ, ਇਸ ਕਾਰਨ ਉਸ ਨੇ ਉਹ ਦਾ ਨਾਮ ਲੇਵੀ ਰੱਖਿਆ । ੩੫ ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਇਸ ਕਾਰਨ ਉਸ ਨੇ ਉਹ ਦਾ ਨਾਮ ਯਹੂਦਾਹ ਰੱਖਿਆ ਤਦ ਉਹ ਜਣਨ ਤੋਂ ਰਹਿ ਗਈ ।