ਹਬੱਕੂਕ ਨੂੰ ਪਰਮੇਸ਼ੁਰ ਦਾ ਉੱਤਰ
੧ ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ ਅਤੇ ਬੁਰਜ ਉੱਤੇ ਖੜ੍ਹਾ ਰਹਾਂਗਾ ਅਤੇ ਵੇਖਾਂਗਾ ਤਾਂ ਜੋ ਮੈਂ ਜਾਣਾ ਕਿ ਉਹ ਮੈਨੂੰ ਕੀ ਆਖੇਗਾ ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦੇਵਾਂ ।
੨ ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ, ਦਰਸ਼ਨ ਦੀਆਂ ਗੱਲਾਂ ਨੂੰ ਲਿਖ, ਸਗੋਂ ਪੱਟੀਆਂ ਉੱਤੇ ਸਾਫ਼-ਸਾਫ਼ ਲਿਖ, ਤਾਂ ਜੋ ਕੋਈ ਦੌੜਦਾ-ਦੌੜਦਾ ਵੀ ਉਸ ਨੂੰ ਪੜ੍ਹ ਸਕੇ । ੩ ਕਿਉਂ ਜੋ ਵੇਖ, ਇਸ ਦਰਸ਼ਨ ਦੀ ਗੱਲ ਤਾਂ ਇੱਕ ਠਹਿਰਾਏ ਹੋਏ ਸਮੇਂ ਤੇ ਪੂਰੀ ਹੋਣ ਵਾਲੀ ਹੈ, ਸਗੋਂ ਉਸ ਦੇ ਪੂਰੇ ਹੋਣ ਦਾ ਸਮਾਂ ਤੇਜ਼ੀ ਨਾਲ ਆਉਂਦਾ ਹੈ, ਇਸ ਵਿੱਚ ਧੋਖਾ ਨਹੀਂ ਹੋਵੇਗਾ, ਭਾਵੇਂ ਉਹ ਠਹਿਰਿਆ ਰਹੇ, ਤਾਂ ਵੀ ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ । ੪ ਵੇਖ, ਉਹ ਮਨ ਵਿੱਚ ਫੁੱਲਿਆ ਹੋਇਆ ਹੈ, ਉਹ ਦਾ ਮਨ ਸਿੱਧਾ ਨਹੀਂ ਹੈ, ਪਰ ਧਰਮੀ ਆਪਣੇ ਵਿਸ਼ਵਾਸ ਦੇ ਕਾਰਨ ਜੀਉਂਦਾ ਰਹੇਗਾ । ੫ ਮਧ ਧੋਖਾ ਦੇਣ ਵਾਲੀ ਹੈ, ਹੰਕਾਰੀ ਪੁਰਖ ਘਰ ਵਿੱਚ ਨਹੀਂ ਰਹਿੰਦਾ, ਉਹ ਪਤਾਲ ਵਾਂਗੂੰ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਅਤੇ ਉਹ ਕਦੇ ਨਹੀਂ ਰੱਜਦਾ, ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇੱਕਠਿਆਂ ਕਰਦਾ ਹੈ ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦੇ ਢੇਰ ਲਾਉਂਦਾ ਹੈ ।
ਦੁਸ਼ਟ ਦਾ ਵਿਨਾਸ਼ ਜ਼ਰੂਰ ਹੋਵੇਗਾ
੬ ਕੀ ਇਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ ਅਤੇ ਉਹ ਦੇ ਵਿਰੁੱਧ ਇੱਕ ਮਿਹਣਾ ਨਹੀਂ ਦੇਣਗੇ ? ਉਹ ਆਖਣਗੇ, “ਹਾਇ ਉਸ ਨੂੰ, ਜੋ ਪਰਾਇਆ ਧਨ ਲੁੱਟ ਕੇ ਆਪਣੇ ਲਈ ਉਸ ਨੂੰ ਵਧਾਉਂਦਾ ਹੈ ! ਜੋ ਪਰਾਏ ਮਾਲ ਦਾ ਭਾਰ ਆਪਣੇ ਉੱਤੇ ਲੱਦਦਾ ਹੈ ! ਪਰ ਕਦ ਤੱਕ ? “ ੭ ਕੀ ਤੇਰੇ ਦੇਣਦਾਰ ਅਚਾਨਕ ਨਾ ਉੱਠਣਗੇ ਅਤੇ ਉਹ ਜੋ ਤੈਨੂੰ ਮੁਸੀਬਤ ਵਿੱਚ ਪਾਉਣਗੇ, ਉਹ ਨਾ ਜਾਗਣਗੇ ? ਕੀ ਤੂੰ ਉਹਨਾਂ ਲਈ ਲੁੱਟ ਦਾ ਮਾਲ ਨਾ ਹੋਵੇਂਗਾ ? ੮ ਕਿਉਂ ਜੋ ਤੂੰ ਬਹੁਤੀਆਂ ਕੌਮਾਂ ਨੂੰ ਲੁੱਟ ਲਿਆ, ਇਸ ਲਈ ਉੱਮਤਾਂ ਦੇ ਬਚੇ ਹੋਏ ਲੋਕ ਤੈਨੂੰ ਵੀ ਲੁੱਟ ਲੈਣਗੇ, ਇਸ ਦਾ ਕਾਰਨ ਮਨੁੱਖਾਂ ਦਾ ਖ਼ੂਨ ਅਤੇ ਉਹ ਜ਼ੁਲਮ ਹੈ, ਜਿਹੜਾ ਤੂੰ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਕੀਤਾ ਹੈ ।
੯ ਹਾਇ ਉਸ ਨੂੰ, ਜੋ ਆਪਣੇ ਘਰਾਣੇ ਲਈ ਬੁਰਾ ਲਾਭ ਪ੍ਰਾਪਤ ਕਰੇ, ਤਾਂ ਜੋ ਉਹ ਆਪਣਾ ਆਲ੍ਹਣਾ ਉੱਚੇ ਸਥਾਨ ਤੇ ਰੱਖੇ, ਕਿ ਉਹ ਬਿਪਤਾ ਤੋਂ ਛੁਡਾਇਆ ਜਾਵੇ ! ੧੦ ਕਿਉਂ ਜੋ ਤੂੰ ਬਹੁਤੀਆਂ ਉੱਮਤਾਂ ਨੂੰ ਵੱਢ ਕੇ ਆਪਣੇ ਘਰਾਣੇ ਲਈ ਸ਼ਰਮਿੰਦਗੀ ਦੀ ਯੋਜਨਾ ਬਣਾਈ, ਤੂੰ ਆਪਣੀ ਹੀ ਜਾਨ ਦਾ ਪਾਪ ਕੀਤਾ ਹੈ ! ੧੧ ਇਸ ਲਈ ਪੱਥਰ ਕੰਧ ਤੋਂ ਦੁਹਾਈ ਦੇਵੇਗਾ ਅਤੇ ਲੱਕੜੀ ਤੋਂ ਸ਼ਤੀਰ ਉੱਤਰ ਦੇਵੇਗਾ ।
੧੨ ਹਾਇ ਉਸ ਨੂੰ, ਜੋ ਖ਼ੂਨ ਨਾਲ ਸ਼ਹਿਰ ਨੂੰ ਬਣਾਉਂਦਾ ਹੈ ਅਤੇ ਬੁਰਿਆਈ ਨਾਲ ਨਗਰ ਨੂੰ ਕਾਇਮ ਕਰਦਾ ਹੈ ! ੧੩ ਵੇਖੋ, ਕੀ ਇਹ ਸੈਨਾਂ ਦੇ ਯਹੋਵਾਹ ਵੱਲੋਂ ਨਹੀਂ ਹੁੰਦਾ ਹੈ ਕਿ ਲੋਕ ਮਿਹਨਤ ਤਾਂ ਕਰਦੇ ਹਨ,ਪਰ ਉਹ ਅੱਗ ਦਾ ਬਾਲਣ ਹੀ ਹੁੰਦੀ ਹੈ ਅਤੇ ਉੱਮਤਾਂ ਵਿਅਰਥ ਲਈ ਮਿਹਨਤ ਕਰਕੇ ਥੱਕ ਜਾਂਦੀਆਂ ਹਨ ? ੧੪ ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ ਭਰ ਜਾਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ ।
੧੫ ਹਾਇ ਉਸ ਨੂੰ, ਜੋ ਆਪਣੇ ਗੁਆਂਢੀ ਨੂੰ ਮਧ ਦੇ ਕਟੋਰੇ ਤੋਂ ਪਿਲਾਉਂਦਾ ਹੈ ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ, ਤਾਂ ਜੋ ਤੂੰ ਉਹਨਾਂ ਦੇ ਨੰਗੇਜ਼ ਨੂੰ ਵੇਖੇਂ ! ੧੬ ਤੂੰ ਅਨਾਦਰ ਨਾਲ ਰੱਜੇਂਗਾ, ਪਰਤਾਪ ਨਾਲ ਨਹੀਂ, ਤੂੰ ਪੀ ਅਤੇ ਬੇਸੁੰਨਤ ਹੋ, ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆ ਪਵੇਗਾ ਅਤੇ ਅਨਾਦਰ ਤੇਰੇ ਪਰਤਾਪ ਨੂੰ ਢੱਕ ਲਵੇਗਾ, ੧੭ ਕਿਉਂ ਜੋ ਉਹ ਜ਼ੁਲਮ ਜਿਹੜਾ ਤੂੰ ਲਬਾਨੋਂਨ ਨਾਲ ਕੀਤਾ, ਤੈਨੂੰ ਢੱਕ ਲਵੇਗਾ ਅਤੇ ਉੱਥੋਂ ਦੇ ਪਸ਼ੂਆਂ ਉੱਤੇ ਕੀਤੀ ਹੋਈ ਬਰਬਾਦੀ, ਜਿਸਨੇ ਉਨ੍ਹਾਂ ਨੂੰ ਡਰਾਇਆ ਤੇਰੇ ਉੱਤੇ ਆ ਪਵੇਗੀ, ਇਹ ਮਨੁੱਖਾਂ ਦਾ ਲਹੂ ਵਹਾਉਣ ਅਤੇ ਉਸ ਜ਼ੁਲਮ ਦੇ ਕਾਰਨ ਹੋਵੇਗਾ, ਜਿਹੜਾ ਇਸ ਦੇਸ਼, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ ।
੧੮ ਘੜੇ ਹੋਏ ਬੁੱਤ ਦਾ ਕੀ ਲਾਭ ਹੈ, ਜੋ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈ ? ਫੇਰ ਝੂਠ ਸਿਖਾਉਣ ਵਾਲੀ ਅਤੇ ਢਲੀ ਹੋਈ ਮੂਰਤ ਵਿੱਚ ਕੀ ਲਾਭ ਵੇਖ ਕੇ ਉਸ ਨੂੰ ਬਣਾਉਣ ਵਾਲਾ ਉਸ ਉੱਤੇ ਭਰੋਸਾ ਰੱਖਦਾ ਹੈ ਕਿ ਉਹ ਗੁੰਗੇ ਬੁੱਤ ਬਣਾਵੇ ? ੧੯ ਹਾਇ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ ! ਗੁੰਗੇ ਪੱਥਰ ਨੂੰ, ਉੱਠ ! ਭਲਾ, ਇਹ ਸਲਾਹ ਦੇ ਸਕਦਾ ਹੈ ? ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ, ਪਰ ਉਸ ਦੇ ਵਿੱਚ ਕੋਈ ਸਾਹ ਨਹੀਂ ।
੨੦ ਪਰ ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, ਸਾਰੀ ਧਰਤੀ ਉਸ ਦੇ ਅੱਗੇ ਚੁੱਪ-ਚਾਪ ਰਹੇ ।