੧੧
ਯਿਰਮਿਯਾਹ ਅਤੇ ਨੇਮ
੧ ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਆਇਆ ਕਿ ੨ ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ । ਤੁਸੀਂ ਯਹੂਦਾਹ ਦੇ ਮਨੁੱਖਾਂ ਨਾਲ ਅਤੇ ਯਰੂਸ਼ਲਮ ਦੇ ਵਾਸੀਆਂ ਨਾਲ ਬੋਲੋ ੩ ਤੂੰ ਉਹਨਾਂ ਨੂੰ ਆਖ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ,- ਉਸ ਮਨੁੱਖ ਉੱਤੇ ਸਰਾਪ ਜਿਹੜਾ ਇਸ ਨੇਮ ਦੀਆਂ ਗੱਲਾਂ ਨਹੀਂ ਸੁਣਦਾ ! ੪ ਜਿਹ ਦਾ ਮੈ ਤੁਹਾਡੇ ਪਿਉ-ਦਾਦਿਆਂ ਨੂੰ ਉਸ ਦਿਨ ਹੁਕਮ ਦਿੱਤਾ ਸੀ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਵਿੱਚੋਂ, ਹਾਂ, ਲੋਹੇ ਦੀ ਭੱਠੀ ਵਿੱਚੋਂ ਬਾਹਰ ਲਿਆਂਦਾ ਅਤੇ ਆਖਿਆ ਕਿ ਮੇਰੀ ਆਵਾਜ ਸੁਣੋ ਅਤੇ ਉਹ ਸਭ ਕੁਝ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਪੂਰਾ ਕਰੋ ਤਾਂ ਜੋ ਤੁਸੀਂ ਮੇਰੀ ਪਰਜਾ ਹੋਵੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ੫ ਭਈ ਮੈਂ ਉਸ ਸੌਂਹ ਨੂੰ ਪੂਰਾ ਕਰਾਂ ਜਿਹੜੀ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ ਕਿ ਮੈਂ ਉਹਨਾਂ ਨੂੰ ਇੱਕ ਦੇਸ ਦਿਆਂਗਾ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ ਜਿਹਾ ਅੱਜ ਦੇ ਦਿਨ ਹੈ । ਤਾਂ ਮੈਂ ਉੱਤਰ ਦਿੱਤਾ ਅਤੇ ਆਖਿਆ, ਆਮੀਨ, ਹੇ ਯਹੋਵਾਹ ! । ੬ ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਇਹਨਾਂ ਸਾਰੀਆਂ ਗੱਲਾਂ ਦੀ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੇ ਚੌਕਾਂ ਵਿੱਚ ਡੌਂਡੀ ਪਿੱਟਵਾ ਕਿ ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ ਅਤੇ ਤੁਸੀਂ ਉਹਨਾਂ ਨੂੰ ਪੂਰਾ ਕਰੋ ੭ ਕਿਉਂ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਅੱਜ ਦੇ ਦਿਨ ਤੱਕ ਤਗੀਦ ਨਾਲ ਚਿਤਾਰਦਾ ਰਿਹਾ ਅਤੇ ਤੜਕੇ ਉੱਠ ਕੇ ਉਹਨਾਂ ਨੂੰ ਚਿਤਾਰਦਾ ਰਿਹਾ ਕਿ ਮੇਰੀ ਸੁਣੋ ! ੮ ਪਰ ਉਹਨਾਂ ਨੇ ਨਾ ਸੁਣਿਆ, ਨਾ ਕੰਨ ਲਾਇਆ । ਹਰੇਕ ਆਪਣੇ ਬੁਰੇ ਦਿਲ ਦੀ ਅੜੀ ਵਿੱਚ ਚੱਲਦਾ ਰਿਹਾ । ਇਸੇ ਲਈ ਮੈਂ ਇਸ ਨੇਮ ਦੀਆਂ ਸਾਰੀਆਂ ਗੱਲਾਂ ਉਹਨਾਂ ਉੱਤੇ ਲਿਆਂਦੀਆਂ ਜਿਹਨਾਂ ਦਾ ਮੈਂ ਉਹਨਾਂ ਨੂੰ ਪੂਰਾ ਕਰਨ ਲਈ ਹੁਕਮ ਦਿੱਤਾ ਸੀ ਪਰ ਉਹਨਾਂ ਨੇ ਉਹਨਾਂ ਨੂੰ ਪੂਰਾ ਨਾ ਕਿੱਤਾ ੯ ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਵਿੱਚ ਇੱਕ ਮਤਾ ਪਕਾਇਆ ਜਾਂਦਾ ਹੈ ੧੦ ਉਹ ਆਪਣੇ ਪਹਿਲੇ ਪਿਉ-ਦਾਦਿਆਂ ਦੀਆਂ ਬੁਰਿਆਈਆਂ ਵੱਲ ਫਿਰ ਗਏ ਹਨ ਜਿਹਨਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ । ਉਹ ਦੂਜੇ ਦੇਵਤਿਆਂ ਦੇ ਪਿੱਛੇ ਚਲੇ ਗਏ ਹਨ ਅਤੇ ਉਹਨਾਂ ਦੀ ਪੂਜਾ ਕਰਨ ਲੱਗ ਗਏ । ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਨੇਮ ਨੂੰ ਤੋੜ ਛੱਡਿਆ ਹੈ ਜਿਹੜਾ ਮੈਂ ਉਹਨਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹਿਆ ਸੀ ੧੧ ਇਸੇ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਉੱਤੇ ਬਦੀ ਲਿਆ ਰਿਹਾ ਹਾਂ ਜਿਸ ਤੋਂ ਉਹ ਨਿੱਕਲ ਨਾ ਸਕਣਗੇ । ਭਾਵੇਂ ਉਹ ਮੇਰੇ ਵੱਲ ਚਿੱਲਾਉਣ, ਮੈਂ ਉਹਨਾਂ ਦੀ ਨਾ ਸੁਣਾਂਗਾ ੧੨ ਤਦ ਯਹੂਦਾਹ ਦੇ ਸ਼ਹਿਰ ਅਤੇ ਯਰੂਸ਼ਲਮ ਦੇ ਵਾਸੀ ਜਾਣਗੇ ਅਤੇ ਦੂਜੇ ਦੇਵਤਿਆਂ ਲਈ ਚਿੱਲਾਉਣਗੇ ਜਿਹਨਾਂ ਲਈ ਉਹ ਧੂਪ ਧੁਖਾਉਂਦੇ ਰਹੇ ਹਨ, ਪਰ ਉਹ ਉਹਨਾਂ ਨੂੰ ਮੂਲੋਂ ਉਹਨਾਂ ਦੀ ਬਿਪਤਾ ਦੇ ਸਮੇਂ ਬਚਾ ਨਾ ਸਕਣਗੇ ੧੩ ਕਿਉਂ ਜੋ ਹੇ ਯਹੂਦਾਹ, ਤੇਰੇ ਦੇਵਤੇ ਤੇਰੇ ਸ਼ਹਿਰਾਂ ਦੀ ਗਿਣਤੀ ਜਿੰਨੇ ਹਨ ਅਤੇ ਜਿੰਨੇ ਯਰੂਸ਼ਲਮ ਦੇ ਚੌਂਕ ਹਨ ਤੁਸੀਂ ਉੱਨੀਆਂ ਗਿਣਤੀਆਂ ਵਿੱਚ ਜਗਵੇਦੀਆਂ ਸ਼ਰਮ ਲਈ ਬਣਾ ਲਈਆਂ ਹਨ ਭਈ ਤੁਸੀਂ ਬਆਲ ਲਈ ਜਗਵੇਦੀਆਂ ਉੱਤੇ ਧੂਪ ਧੁਖਾਓ । ੧੪ ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰ, ਨਾ ਉਹਨਾਂ ਲਈ ਤਰਲਾ ਨਾ ਪ੍ਰਾਰਥਨਾ ਚੁੱਕ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ ੧੫ ਮੇਰੇ ਘਰ ਵਿੱਚ ਮੇਰੀ ਪ੍ਰੀਤਮਾ ਦਾ ਕੀ ਕੰਮ ਜਦ ਉਸ ਬਹੁਤਿਆਂ ਨਾਲ ਕੁਕਰਮ ਕੀਤਾ ਅਤੇ ਪਵਿੱਤਰ ਮਾਸ ਤੈਥੋਂ ਜਾਂਦਾ ਰਿਹਾ ? ਜਦ ਤੂੰ ਬਦੀ ਕਰਦੀ ਹੈਂ ਤਾਂ ਤੂੰ ਬਾਗ ਬਾਗ ਹੁੰਦੀ ਹੈਂ ੧੬ ਯਹੋਵਾਹ ਨੇ ਤੇਰੇ ਨਾਮ ਨੂੰ ਐਉਂ ਬੁਲਾਇਆ, “ ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ “ ਪਰ ਵੱਡੇ ਰੌਲੇ ਦੇ ਸ਼ੋਰ ਨਾਲ ਉਸ ਉਹ ਨੂੰ ਅੱਗ ਲਾ ਦਿੱਤੀ ਅਤੇ ਉਹਨਾਂ ਦੀਆਂ ਟਹਿਣੀਆਂ ਤੋੜੀਆਂ ਗਈਆਂ ੧੭ ਸੈਨਾ ਦੇ ਯਹੋਵਾਹ ਨੇ ਜਿਸ ਤੈਨੂੰ ਲਾਇਆ ਤੇਰੇ ਉੱਤੇ ਬਦੀ ਦੀ ਗੱਲ ਕੀਤੀ ਉਸ ਬਦੀ ਦੇ ਕਾਰਨ ਜਿਹੜੀ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਆਪਣੇ ਲਈ ਕੀਤੀ ਜਦ ਉਹਨਾਂ ਨੇ ਮੈਨੂੰ ਗੁੱਸਾ ਚੜ੍ਹਾਇਆ ਅਤੇ ਬਆਲ ਲਈ ਧੂਪ ਧੁਖਾਈ ।
ਯਿਰਮਿਯਾਹ ਦੇ ਵਿਰੋਧ ਵਿੱਚ ਸਾਜਸ਼
੧੮ ਯਹੋਵਾਹ ਨੇ ਮੈਨੂੰ ਸਮਝਾਇਆ ਅਤੇ ਮੈਂ ਸਮਝ ਗਿਆ, ਤਦ ਤੂੰ ਉਹਨਾਂ ਦੀਆਂ ਕਰਤੂਤਾਂ ਮੈਨੂੰ ਵਿਖਾਈਆਂ । ੧੯ ਪਰ ਮੈਂ ਤਾਂ ਇੱਕ ਅਸੀਲ ਲੇਲੇ ਵਾਂਗੂੰ ਸਾਂ, ਜਿਹੜਾ ਕੱਟੇ ਜਾਣ ਲਈ ਲਿਆਂਦਾ ਜਾਂਦਾ ਹੈ । ਮੈਂ ਨਹੀਂ ਜਾਣਦਾ ਸਾਂ ਕਿ ਇਹ ਮੇਰੇ ਵਿਰੁੱਧ ਮਤੇ ਪਕਾਏ ਸਨ, ਕਿ ਆਓ, ਅਤੇ ਰੁੱਖ ਨੂੰ ਉਹ ਦੇ ਫਲ ਸਣੇ ਬਰਬਾਦ ਕਰ ਦੇਈਏ, ਆਓ, ਉਸ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਵੱਢ ਸੁੱਟੀਏ, ਭਈ ਅੱਗੇ ਨੂੰ ਉਸ ਦਾ ਨਾਮ ਵੀ ਨਾ ਚੇਤੇ ਕਿੱਤਾ ਜਾਵੇ ! ੨੦ ਪਰ ਹੇ ਸੈਨਾ ਦੇ ਯਹੋਵਾਹ, ਜਿਹੜਾ ਧਰਮ ਨਾਲ ਨਿਆਂ ਕਰਦਾ ਹੈ, ਜਿਹੜਾ ਦਿਲ ਅਤੇ ਮਨ ਨੂੰ ਪਰਖਦਾ ਹੈ ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ ਹੈ । ੨੧ ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਨਾਥੋਥ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ ਕਿ ਯਹੋਵਾਹ ਦੇ ਨਾਮ ਦਾ ਅਗੰਮ ਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ ! ੨੨ ਇਸ ਲਈ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਉਹਨਾਂ ਦੀ ਖ਼ਬਰ ਲਵਾਂਗਾ ! ਜੁਆਨ ਤਲਵਾਰ ਨਾਲ ਮਾਰੇ ਜਾਣਗੇ, ਉਹਨਾਂ ਦੇ ਪੁੱਤਰ ਅਤੇ ਧੀਆਂ ਕਾਲ ਨਾਲ ਮਰਨਗੇ ੨੩ ਉਹਨਾਂ ਵਿੱਚੋਂ ਕੋਈ ਨਾ ਬਚੇਗਾ ਕਿਉਂ ਜੋ ਮੈਂ ਅਨਾਥੋਥ ਦੇ ਮਨੁੱਖਾਂ ਉੱਤੇ ਬਦੀ ਉਹਨਾਂ ਦੇ ਖ਼ਬਰ ਲੈਣ ਦੇ ਸਾਲ ਵਿੱਚ ਲਿਆਵਾਂਗਾ ।