੨੩
ਭਵਿੱਖ ਦੀ ਆਸ
੧ ਹਾਇ ਉਹਨਾਂ ਅਯਾਲੀਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖੇਰੂੰ ਖੇਰੂੰ ਕਰਦੇ ਹਨ, ਯਹੋਵਾਹ ਦਾ ਵਾਕ ਹੈ ! ੨ ਇਸ ਲਈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, - ਮੈਂ ਉਹਨਾਂ ਅਯਾਲੀਆਂ ਦੇ ਵਿਰੁੱਧ ਹਾਂ ਜਿਹੜੇ ਮੇਰੀ ਪਰਜਾ ਨੂੰ ਚਾਰਦੇ ਹਨ । ਤੁਸੀਂ ਮੇਰੇ ਇੱਜੜ ਨੂੰ ਖੇਰੂੰ ਖੇਰੂੰ ਕੀਤਾ ਅਤੇ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ ਅਤੇ ਉਹਨਾਂ ਦੀ ਪਰਵਾਹ ਨਹੀਂ ਕੀਤੀ । ਵੇਖੋ, ਮੈਂ ਤੁਹਾਡੇ ਕੰਮਾਂ ਦੀ ਬੁਰਿਆਈ ਤੁਹਾਡੇ ਉੱਤੇ ਲਿਆਵਾਂਗਾ, ਯਹੋਵਾਹ ਦਾ ਵਾਕ ਹੈ ੩ ਮੈਂ ਆਪਣੇ ਇੱਜੜ ਦੇ ਬੱਕੀਏ ਉਹਨਾਂ ਦੇਸਾਂ ਵਿੱਚੋਂ ਇੱਕਠੇ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ । ਮੈਂ ਉਹਨਾਂ ਨੂੰ ਉਹਨਾਂ ਦੇ ਵਾੜਿਆ ਵਿੱਚ ਮੋੜ ਲਿਆਵਾਂਗਾ ਅਤੇ ਉਹ ਫਲਣਗੇ ਅਤੇ ਵਧਣਗੇ ੪ ਮੈਂ ਉਹਨਾਂ ਉੱਤੇ ਅਯਾਲੀ ਖੜੇ ਕਰਾਂਗਾ ਜਿਹੜੇ ਉਹਨਾਂ ਨੂੰ ਚਾਰਨਗੇ । ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ, ਨਾ ਉਹਨਾਂ ਵਿੱਚੋਂ ਕੋਈ ਗਵਾਚੇਗੀ, ਯਹੋਵਾਹ ਦਾ ਵਾਕ ਹੈ । ੫ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ । ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ ੬ ਉਹ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਇਸਰਾਏਲ ਸੁੱਖ ਨਾਲ ਵੱਸੇਗਾ ਅਤੇ ਉਹ ਦਾ ਇਹ ਨਿਯਮ ਹੋਵੇਗਾ ਜਿਹ ਦੇ ਨਾਲ ਉਹ ਪੁਕਾਰਿਆ ਜਾਵੇਗਾ, “ ਯਹੋਵਾਹ ਸਾਡਾ ਧਰਮ “ । ੭ ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਉਹ ਫਿਰ ਨਾ ਆਖਣਗੇ, “ਯਹੋਵਾਹ ਦੀ ਸੌਂਹ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ “ ੮ ਪਰ “ ਯਹੋਵਾਹ ਦੀ ਸੌਂਹ ਜਿਹੜਾ ਉਤਾਹਾਂ ਲਿਆਇਆ ਅਤੇ ਜਿਹੜਾ ਇਸਰਾਏਲ ਦੇ ਘਰਾਣੇ ਦੀ ਨਸਲ ਨੂੰ ਉੱਤਰ ਦੇਸ ਵਿੱਚੋਂ ਅਤੇ ਉਹਨਾਂ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਉਸ ਉਹਨਾਂ ਨੂੰ ਹੱਕ ਦਿੱਤਾ ਸੀ ਬਾਹਰ ਲਿਆਇਆ “ । ਤਾਂ ਉਹ ਆਪਣੀ ਭੂਮੀ ਵਿੱਚ ਵੱਸਣਗੇ ।
ਨਬੀਆਂ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼
੯ ਨਬੀਆਂ ਦੇ ਲਈ ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ, ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ, ਮੈਂ ਇੱਕ ਸ਼ਰਾਬੀ ਮਨੁੱਖ ਵਾਂਗੂੰ ਹੋ ਗਿਆ ਹਾਂ, ਉਸ ਮਰਦ ਵਾਂਗੂੰ ਜਿਹ ਦੇ ਉੱਤੇ ਮੈਂ ਪਰਬਲ ਪਈ, - ਯਹੋਵਾਹ ਦੇ ਕਾਰਨ ਅਤੇ ਉਸ ਦੇ ਪਵਿੱਤਰ ਬਚਨਾਂ ਦੇ ਕਾਰਨ । ੧੦ ਕਿਉਂ ਜੋ ਦੇਸ ਜਨਾਹਕਾਰਾਂ ਨਾਲ ਭਰ ਗਿਆ ਹੈ, ਸਰਾਪ ਦੇ ਕਾਰਨ ਧਰਤੀ ਸੋਗ ਕਰਦੀ ਹੈ, ਅਤੇ ਉਜਾੜ ਦੀਆਂ ਚਰਾਂਦਾਂ ਸੁੱਕ ਗਈਆਂ ਹਨ । ਉਹਨਾਂ ਦਾ ਰਾਹ ਬੁਰਾ ਹੈ, ਉਹਨਾਂ ਦਾ ਗਭਰੇਟਾ ਚੰਗਾ ਨਹੀਂ, ੧੧ ਕਿਉਂ ਜੋ ਨਬੀ ਤੇ ਜਾਜਕ ਭਰਿਸ਼ਟ ਹਨ, ਨਾਲੇ ਮੇਰੇ ਭਵਨ ਵਿੱਚ ਮੈਂ ਉਹਨਾਂ ਦੀ ਬਦੀ ਪਾਈ, ਯਹੋਵਾਹ ਦਾ ਵਾਕ ਹੈ । ੧੨ ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਅਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ, ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ, ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ, ਯਹੋਵਾਹ ਦਾ ਵਾਕ ਹੈ । ੧੩ ਸਾਮਰਿਯਾ ਦੇ ਨਬੀਆਂ ਵਿੱਚ ਮੈਂ ਮੂਰਖਤਾਈ ਵੇਖੀ, ਉਹਨਾਂ ਨੇ ਬਆਲ ਵੱਲੋਂ ਅਗੰਮ ਵਾਚਿਆ, ਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾਇਆ । ੧੪ ਪਰ ਯਰੂਸ਼ਲਮ ਦੇ ਨਬੀਆਂ ਵਿੱਚ ਮੈਂ ਇਕੱ ਡਰਾਉਣੀ ਗੱਲ ਵੇਖੀ ! ਉਹ ਜ਼ਨਾਹ ਕਰਦੇ ਅਤੇ ਮਕਰ ਨਾਲ ਚੱਲਦੇ ਹਨ । ਉਹ ਕੁਕਰਮੀਆਂ ਦੇ ਹੱਥਾਂ ਨੂੰ ਤਕੜਾ ਕਰਦੇ ਹਨ, ਸੋ ਕੋਈ ਮਨੁੱਖ ਆਪਣੀ ਬੁਰਿਆਈ ਤੋਂ ਨਹੀਂ ਮੁੜਦਾ । ਉਹ ਸਾਰੇ ਮੇਰੇ ਲਈ ਸਦੂਮ ਵਰਗੇ ਹੋ ਗਏ ਹਨ, ਅਤੇ ਉਹ ਦੇ ਵਾਸੀ ਅਮੂਰਾਹ ਵਰਗੇ । ੧੫ ਇਸ ਲਈ ਸੈਨਾਂ ਦਾ ਯਹੋਵਾਹ ਨਬੀਆਂ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਨੂੰ ਨਾਗਦੌਣਾ ਖੁਆਵਾਂਗਾ, ਅਤੇ ਉਹਨਾਂ ਨੂੰ ਜ਼ਹਿਰ ਵਾਲਾ ਪਾਣੀ ਪਿਲਾਵਾਂਗਾ, ਕਿਉਂ ਜੋ ਯਰੂਸ਼ਲਮ ਦੇ ਨਬੀਆਂ ਤੋਂ ਸਾਰੀ ਧਰਤੀ ਵਿੱਚ ਪਲੀਤੀ ਖਿੱਲਰ ਗਈ ਹੈ । ੧੬ ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, - ਤੁਸੀਂ ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਕ ਬੋਲਦੇ ਹਨ । ਉਹ ਵਿਅਰਥ ਦੱਸਦੇ ਹਨ, ਉਹ ਆਪਣੇ ਦਿਲ ਦੇ ਦਰਸ਼ਣ ਦੱਸਦੇ ਹਨ ਪਰ ਉਹ ਯਹੋਵਾਹ ਦੇ ਮੂੰਹੋਂ ਨਹੀਂ ਬੋਲਦੇ ੧੭ ਉਹ ਉਹਨਾਂ ਨੂੰ ਜਿਹੜੇ ਮੇਰੀ ਨਿਰਾਦਰੀ ਕਰਦੇ ਕਹਿੰਦੇ ਰਹਿੰਦੇ ਹਨ ਭਈ ਯਹੋਵਾਹ ਬੋਲਿਆ ਕਿ ਤੁਹਾਡੇ ਲਈ ਸ਼ਾਂਤੀ ਹੋਵੇਗੀ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੇ ਆਕੀਪੁਣੇ ਵਿੱਚ ਚੱਲਦੇ ਹਨ ਉਹ ਆਖਦੇ ਹਨ, ਤੁਹਾਡੇ ਉੱਤੇ ਬੁਰਿਆਈ ਨਾ ਆਵੇਗੀ । ੧੮ ਕੌਣ ਹੈ ਜੋ ਯਹੋਵਾਹ ਦੀ ਸੰਗਤ ਵਿੱਚ ਖਲੋਤਾ ਰਿਹਾ, ਭਈ ਉਹ ਦੇ ਬਚਨ ਨੂੰ ਵੇਖੇ ਅਤੇ ਸੁਣੇ ? ਜਾਂ ਕਿਸ ਉਹ ਦੇ ਬਚਨ ਉੱਤੇ ਧਿਆਨ ਦਿੱਤਾ ਅਤੇ ਸੁਣਿਆ ? ੧੯ ਵੇਖੋ, ਯਹੋਵਾਹ ਦਾ ਤੂਫਾਨ ! ਉਹ ਦਾ ਗੁੱਸਾ ਬਾਹਰ ਨਿੱਕਲਿਆ ਹੈ, ਹਾਂ, ਇੱਕ ਵਾਵਰੋਲੇ ਦਾ ਤੂਫਾਨ, ਜਿਹੜਾ ਦੁਸ਼ਟਾਂ ਦੇ ਸਿਰ ਉੱਤੇ ਵਗੇਗਾ ! ੨੦ ਯਹੋਵਾਹ ਦਾ ਕ੍ਰੋਧ ਨਾ ਮੁੜੇਗਾ, ਜਦ ਤੱਕ ਉਹ ਆਪਣੇ ਦਿਲ ਦੇ ਪਰੋਜਨ ਨੂੰ ਪੂਰੀ ਤਰਾਂ ਕਾਇਮ ਨਾ ਕਰੇ । ਓੜਕ ਦੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਫ਼ਾਈ ਨਾਲ ਸਮਝੋਗੇ । ੨੧ ਮੈਂ ਇਹਨਾਂ ਨਬੀਆਂ ਨੂੰ ਨਹੀਂ ਭੇਜਿਆ, ਤਦ ਵੀ ਉਹ ਦੌੜੇ ਫਿਰਦੇ ਹਨ । ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤਦ ਵੀ ਉਹ ਅਗੰਮ ਵਾਕ ਬੋਲਦੇ ਹਨ । ੨੨ ਪਰ ਜੇ ਉਹ ਮੇਰੀ ਸੰਗਤ ਵਿੱਚ ਖਲੋਂਦੇ, ਤਾਂ ਉਹ ਮੇਰੀਆਂ ਗੱਲਾਂ ਮੇਰੀ ਪਰਜਾ ਨੂੰ ਸੁਣਾਉਂਦੇ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਬੁਰਿਆਂ ਰਾਹਾਂ ਤੋਂ, ਉਹਨਾਂ ਦੀਆਂ ਬੁਰੀਆਂ ਕਰਤੂਤਾਂ ਤੋਂ ਮੋੜਦੇ । ੨੩ ਕੀ ਮੈਂ ਨੇੜੇ ਦਾ ਹੀ ਪਰਮੇਸ਼ੁਰ ਹਾਂ ਅਤੇ ਦੂਰ ਦਾ ਪਰਮੇਸ਼ੁਰ ਨਹੀਂ ਹਾਂ ? ਯਹੋਵਾਹ ਦਾ ਵਾਕ ਹੈ ੨੪ ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ ? ਯਹੋਵਾਹ ਦਾ ਵਾਕ ਹੈ । ਕੀ ਅਕਾਸ਼ ਅਤੇ ਧਰਤੀ ਮੇਰੇ ਨਾਲ ਨਹੀਂ ਭਰੇ ਹੋਏ ? ਯਹੋਵਾਹ ਦਾ ਵਾਕ ਹੈ ੨੫ ਜੋ ਕੁਝ ਨਬੀਆਂ ਨੇ ਆਖਿਆ ਹੈ, ਉਹ ਮੈਂ ਸੁਣਿਆ ਹੈ । ਉਹ ਮੇਰੇ ਨਾਮ ਉੱਤੇ ਇਹ ਆਖ ਕੇ ਝੂਠੇ ਅਗੰਮ ਵਾਕ ਬੋਲਦੇ ਹਨ ਕਿ ਮੈਂ ਸੁਫ਼ਨਾ ਵੇਖਿਆ ਹੈ, ਮੈਂ ਸੁਫ਼ਨਾ ਵੇਖਿਆ ਹੈ ! ੨੬ ਕਦ ਤੱਕ ਇਹ ਝੂਠੇ ਅਗੰਮ ਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮ ਵਾਕ ਬੋਲਣ ? ੨੭ ਜਿਹੜੇ ਸੋਚਦੇ ਹਨ ਭਈ ਉਹ ਮੇਰੀ ਪਰਜਾ ਨੂੰ ਮੇਰਾ ਨਾਮ ਆਪਣੇ ਸੁਫਨਿਆਂ ਨਾਲ ਭੁਲਾ ਦੇਣ, ਜਿਹਨਾਂ ਨੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਦੱਸਦਾ ਹੈ ਜਿਵੇਂ ਉਹਨਾਂ ਦੇ ਪਿਉ-ਦਾਦੇ ਮੇਰਾ ਨਾਮ ਬਆਲ ਦੇ ਕਾਰਨ ਭੁੱਲ ਗਏ ਸਨ ੨੮ ਉਹ ਨਬੀ ਜਿਹ ਦੇ ਕੋਲ ਸੁਫ਼ਨਾ ਹੈ ਉਹ ਸੁਫ਼ਨਾ ਦੱਸੇ, ਅਤੇ ਜਿਹ ਦੇ ਕੋਲ ਮੇਰਾ ਬਚਨ ਹੈ ਉਹ ਇਮਾਨਦਾਰੀ ਨਾਲ ਮੇਰਾ ਬਚਨ ਬੋਲੇ । ਤੂੜੀ ਦਾ ਕਣਕ ਨਾਲ ਕੀ ਮੇਲ ? ਯਹੋਵਾਹ ਦਾ ਵਾਕ ਹੈ ੨੯ ਕੀ ਮੇਰਾ ਬਚਨ ਅੱਗ ਵਾਂਗੂੰ ਨਹੀਂ ? ਯਹੋਵਾਹ ਦਾ ਵਾਕ ਹੈ, ਅਤੇ ਵਦਾਣ ਵਾਂਗੂੰ ਜਿਹੜਾ ਚਟਾਨ ਨੂੰ ਚੂਰ-ਚੂਰ ਕਰ ਸੁੱਟਦਾ ਹੈ ? ੩੦ ਇਸ ਲਈ ਵੇਖੋ, ਮੈਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਮੇਰੇ ਬਚਨ ਇੱਕ ਦੂਜੇ ਤੋਂ ਚੁਰਾ ਲੈਂਦੇ ਹਨ ੩੧ ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, “ ਯਹੋਵਾਹ ਦਾ ਵਾਕ “ ੩੨ ਵੇਖੋ, ਮੈਂ ਝੂਠੇ ਸੁਫਨਿਆਂ ਦੇ ਅਗੰਮ ਵਾਚਣ ਵਾਲਿਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਉਹਨਾਂ ਨੂੰ ਦੱਸਦੇ ਅਤੇ ਮੇਰੀ ਪਰਜਾ ਨੂੰ ਆਪਣਿਆਂ ਝੂਠਾਂ ਅਤੇ ਫੋਕੇ ਘੁਮੰਡ ਨਾਲ ਕੁਰਾਹੇ ਪਾਉਂਦੇ ਹਨ । ਪਰ ਨਾ ਮੈਂ ਉਹਨਾਂ ਨੂੰ ਭੇਜਿਆ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ, ਯਹੋਵਾਹ ਦਾ ਵਾਕ ਹੈ ।
ਪਰਮੇਸ਼ੁਰ ਦਾ ਵਚਨ
੩੩ ਜਦ ਤੂੰ ਇਹ ਪਰਜਾ ਜਾਂ ਨਬੀ ਜਾਂ ਜਾਜਕ ਪੁੱਛਣ ਕਿ ਯਹੋਵਾਹ ਦਾ ਭਾਰ ਕੀ ਹੈ ? ਤਦ ਤੂੰ ਉਹਨਾਂ ਨੂੰ ਆਖੀਂ, ਤੁਸੀਂ ਉਹ ਦਾ ਭਾਰ ਹੋ ! ਮੈਂ ਤੁਹਾਨੂੰ ਸੁੱਟ ਦਿਆਂਗਾ ! ਯਹੋਵਾਹ ਦਾ ਵਾਕ ਹੈ ੩੪ ਉਹ ਨਬੀ ਅਤੇ ਜਾਜਕ ਅਤੇ ਪਰਜਾ ਜਿਹੜੇ ਆਖਣ, “ਯਹੋਵਾਹ ਦਾ ਭਾਰ”, ਮੈਂ ਉਸ ਨੂੰ ਅਤੇ ਉਸ ਦੇ ਘਰਾਣੇ ਨੂੰ ਸਜ਼ਾ ਦਿਆਂਗਾ ੩੫ ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ਯਹੋਵਾਹ ਨੇ ਕੀ ਉੱਤਰ ਦਿੱਤਾ ਹੈ ? ਅਤੇ ਯਹੋਵਾਹ ਕੀ ਬੋਲਿਆ ਹੈ ? ੩੬ ਯਹੋਵਾਹ ਦੇ ਭਾਰ ਦਾ ਤੁਸੀਂ ਫਿਰ ਚੇਤਾ ਨਾ ਕਰੋਗੇ ਕਿਉਂ ਜੋ ਯਹੋਵਾਹ ਦਾ ਭਾਰ ਹਰ ਮਨੁੱਖ ਦੀ ਆਪਣੀ ਗੱਲ ਹੈ । ਤੁਸੀਂ ਜਿਉਂਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਚਨ ਵਿਗਾੜ ਦਿੱਤਾ ਹੈ ੩੭ ਤੂੰ ਨਬੀ ਨੂੰ ਐਉਂ ਆਖ, ਤੈਨੂੰ ਯਹੋਵਾਹ ਨੇ ਕੀ ਉੱਤਰ ਦਿੱਤਾ ਹੈ ? ਅਤੇ ਯਹੋਵਾਹ ਦਾ ਕੀ ਬਚਨ ਹੈ ? ੩੮ ਪਰ ਜੇ ਤੁਸੀਂ ਆਖੋ, “ਯਹੋਵਾਹ ਦਾ ਭਾਰ”, ਤਾਂ ਯਹੋਵਾਹ ਐਉਂ ਆਖਦਾ ਹੈ, ਇਸ ਲਈ ਕਿ ਤੁਸੀਂ ਇਹ ਗੱਲ ਕਹਿੰਦੇ ਹੋ, “ਯਹੋਵਾਹ ਦਾ ਭਾਰ”, ਅਤੇ ਮੈਂ ਤੁਹਾਨੂੰ ਅਖਵਾ ਭੇਜਿਆ ਕਿ “ ਯਹੋਵਾਹ ਦਾ ਭਾਰ “ ਨਾ ਆਖੋ ੩੯ ਤਾਂ ਵੇਖੋ, ਮੈਂ ਸੱਚੀ ਮੁੱਚੀ ਤੁਹਾਨੂੰ ਚੁੱਕ ਸੁੱਟਾਂਗਾ ਅਤੇ ਤੁਹਾਨੂੰ ਇਸ ਸ਼ਹਿਰ ਨੂੰ ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਦਿੱਤਾ ਆਪਣੀ ਹਜ਼ੂਰੀ ਤੋਂ ਰੱਦ ਕਰ ਦਿਆਂਗਾ ੪੦ ਅਤੇ ਮੈਂ ਸਦਾ ਦਾ ਉਲਾਹਮਾ ਅਤੇ ਸਦਾ ਦੀ ਸ਼ਰਮਿੰਦਗੀ ਤੁਹਾਡੇ ਉੱਤੇ ਲਿਆਵਾਂਗਾ ਜਿਹੜੀ ਕਦੀ ਵੀ ਨਾ ਭੁੱਲੇਗੀ ।