੧੨
ਸਹਾਇਤਾ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਲਈ ਖਰਜ਼ ਦੀ ਰਾਗ ਵਿੱਚ ਦਾਊਦ ਦਾ ਭਜਨ
੧ ਹੇ ਯਹੋਵਾਹ, ਬਚਾ ਲੈ ਕਿਉਂ ਜੋ ਧਰਮੀ ਜਨ ਮੁੱਕ ਗਏ ਹਨ, ਅਤੇ ਆਦਮੀ ਦੀ ਸੰਤਾਨ ਵਿੱਚੋਂ ਇਮਾਨਦਾਰ ਜਾਂਦੇ ਰਹੇ ਹਨ । ੨ ਉਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ, ਅਤੇ ਚੋਪੜੇ ਬੁੱਲ੍ਹਾਂ ਅਤੇ ਦੋ-ਦਿਲੀ ਨਾਲ ਗੱਲਾਂ ਕਰਦੇ ਹਨ । ੩ ਯਹੋਵਾਹ ਸਾਰੇ ਚੋਪੜੇ ਬੁੱਲਾਂ ਨੂੰ ਨਾਲੇ ਉਸ ਜੀਭ ਨੂੰ ਜਿਹੜੀ ਵੱਡੇ ਬੋਲ ਬੋਲਦੀ ਹੈ, ਵੱਢ ਸੁੱਟੇਗਾ । ੪ ਜਿਹਨਾਂ ਨੇ ਆਖਿਆ ਹੈ ਕਿ ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ । ਸਾਡੇ ਬੁੱਲ੍ਹ ਸਾਡੇ ਆਪਣੇ ਹੀ ਹਨ, ਕੌਣ ਸਾਡਾ ਮਾਲਕ ਹੈ ? ੫ ਮਸਕੀਨਾਂ ਦੇ ਅਨ੍ਹੇਰੇ ਅਤੇ ਕੰਗਾਲਾਂ ਦੀ ਠੰਡੀ ਆਹ ਦੇ ਕਾਰਨ, ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਮੈਂ ਉਸ ਨੂੰ ਉਸ ਬਚਾਓ ਵਿੱਚ ਰੱਖਾਂਗਾ ਜਿਹ ਦੇ ਲਈ ਉਹ ਹੌਂਕਦਾ ਹੈ । ੬ ਯਹੋਵਾਹ ਦੇ ਬਚਨ ਪਾਕ ਬਚਨ ਹਨ, ਉਸ ਚਾਂਦੀ ਵਰਗੇ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ, ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ । ੭ ਹੇ ਯਹੋਵਾਹ, ਤੂੰ ਹੀ ਉਨ੍ਹਾਂ ਦੀ ਰੱਖਿਆ ਕਰੇਂਗਾ, ਤੂੰ ਉਨ੍ਹਾਂ ਨੂੰ ਇਸ ਪੀੜੀ ਤੋਂ ਸਦਾ ਤੱਕ ਬਚਾਈ ਰੱਖੇਂਗਾ । ੮ ਦੁਸ਼ਟ ਚਾਰ ਚੁਫ਼ੇਰੇ ਫੁੱਲੇ ਫਿਰਦੇ ਹਨ, ਜਦ ਆਦਮ ਵੰਸ ਦੀ ਨਖਿੱਧਤਾਈ ਦੀ ਵਡਿਆਈ ਹੁੰਦੀ ਹੈ ।