ਯਸਾਯਾਹ ਦਾ ਪੁੱਤਰ: ਲੋਕਾਂ ਦੇ ਲਈ ਨਿਸ਼ਾਨ
੧ ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, “ਮਹੇਰ-ਸ਼ਲਾਲ-ਹਾਸ਼-ਬਜ਼ ਦੇ ਲਈ” ੨ ਸੋ ਮੈਂ ਊਰੀਯਾਹ ਜਾਜਕ ਅਤੇ ਯਬਰਕਯਾਹ ਦੇ ਪੁੱਤਰ ਜ਼ਕਰਯਾਹ ਨੂੰ ਆਪਣੇ ਲਈ ਵਿਸ਼ਵਾਸਯੋਗ ਗਵਾਹ ਬਣਾਇਆ । ੩ ਤਦ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ, ਤਦ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਮ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ, ੪ ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ “ਮੇਰਾ ਪਿਤਾ” ਜਾਂ “ਮੇਰੀ ਮਾਤਾ” ਕਹਿਣਾ ਸਿੱਖੇ, ਦੰਮਿਸਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅੱਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਏਗੀ ।
ਅੱਸ਼ੂਰ ਦੇ ਰਾਜੇ ਦਾ ਆਉਣਾ
੫ ਯਹੋਵਾਹ ਫੇਰ ਮੇਰੇ ਨਾਲ ਬੋਲਿਆ: ੬ ਇਸ ਲਈ ਕਿ ਇਸ ਪਰਜਾ ਨੇ ਸ਼ੀਲੋਆਹ ਦੇ ਹੌਲੀ ਵਗਣ ਵਾਲੇ ਪਾਣੀ ਨੂੰ ਤਿਆਗ ਦਿੱਤਾ ਅਤੇ ਰਸੀਨ ਅਤੇ ਰਮਲਯਾਹ ਦੇ ਪੁੱਤਰ ਉੱਤੇ ਖੁਸ਼ ਹਨ । ੭ ਇਸ ਲਈ ਵੇਖੋ, ਪ੍ਰਭੂ ਉਨ੍ਹਾਂ ਦੇ ਉੱਤੇ ਦਰਿਆ ਦੇ ਤੇਜ ਅਤੇ ਬਹੁਤੇ ਪਾਣੀ ਚੜ੍ਹਾਵੇਗਾ, ਅਰਥਾਤ ਅੱਸ਼ੂਰ ਦੇ ਰਾਜੇ ਨੂੰ ਉਹ ਦੀ ਸਾਰੀ ਸ਼ਾਨ ਨਾਲ ਅਤੇ ਉਹ ਆਪਣੇ ਸਾਰੇ ਨਾਲਿਆਂ ਉੱਤੇ ਚੜ੍ਹੇਗਾ ਅਤੇ ਆਪਣੇ ਸਾਰੇ ਕੰਢਿਆਂ ਦੇ ਉੱਤੋਂ ਦੀ ਵਗੇਗਾ । ੮ ਉਹ ਯਹੂਦਾਹ ਦੇ ਵਿੱਚੋਂ ਵੀ ਲੰਘੇਗਾ, ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤੱਕ ਚੜ੍ਹੇਗਾ ਅਤੇ ਹੇ ਇੰਮਾਨੂਏਲ, ਉਹ ਦੇ ਖੰਭਾਂ ਦਾ ਫੈਲਾਓ ਤੇਰੇ ਸਾਰੇ ਦੇਸ ਨੂੰ ਢੱਕ ਲਵੇਗਾ !
੯ ਹੇ ਲੋਕੋ ! ਮਿਲ ਜਾਓ, ਪਰ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਹੇ ਸਾਰੇ ਦੂਰ ਦੇਸ ਦਿਓ, ਕੰਨ ਲਾਓ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ ! ੧੦ ਆਪਸ ਵਿੱਚ ਸਲਾਹ ਕਰੋ ਪਰ ਉਹ ਅਸਫ਼ਲ ਹੋਵੇਗੀ, ਯੋਜਨਾ ਬਣਾਓ ਪਰ ਉਹ ਕਾਇਮ ਨਾ ਰਹੇਗੀ, ਕਿਉਂ ਜੋ ਪਰਮੇਸ਼ੁਰ ਸਾਡੇ ਨਾਲ ਹੈ ।
ਪਰਮੇਸ਼ੁਰ ਵੱਲੋਂ ਚੇਤਾਵਨੀ
੧੧ ਇਸ ਤਰ੍ਹਾਂ ਯਹੋਵਾਹ ਨੇ ਆਪਣੇ ਤਕੜੇ ਹੱਥ ਨਾਲ ਮੈਨੂੰ ਫੜ੍ਹ ਕੇ, ਇਸ ਪਰਜਾ ਦੇ ਚਾਲ-ਚਲਣ ਤੋਂ ਮੈਨੂੰ ਇਹ ਆਖ ਕੇ ਖ਼ਬਰਦਾਰ ਕੀਤਾ ੧੨ ਕਿ ਉਹ ਸਭ ਕੁਝ ਜਿਸ ਨੂੰ ਇਹ ਪਰਜਾ ਸਾਜਿਸ਼ ਆਖੇ, ਤੁਸੀਂ ਉਸ ਨੂੰ ਸਾਜਿਸ਼ ਨਾ ਆਖਣਾ ਅਤੇ ਜਿਸ ਗੱਲ ਤੋਂ ਉਹ ਭੈ ਖਾਂਦੀ ਹੈ, ਤੁਸੀਂ ਉਸ ਤੋਂ ਭੈ ਨਾ ਖਾਇਓ, ਨਾ ਹੀ ਕੰਬੋ । ੧੩ ਸੈਨਾਂ ਦੇ ਯਹੋਵਾਹ ਨੂੰ ਹੀ ਪਵਿੱਤਰ ਮੰਨੋ ਅਤੇ ਉਸੇ ਤੋਂ ਡਰੋ ਅਤੇ ਉਸੇ ਦੇ ਸਾਹਮਣੇ ਕੰਬੋ । ੧੪ ਉਹ ਪਵਿੱਤਰ ਅਸਥਾਨ ਹੋਵੇਗਾ, ਪਰ ਇਸਰਾਏਲ ਦੇ ਦੋਹਾਂ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚੱਟਾਨ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਅਤੇ ਫੰਦਾ ਹੋਵੇਗਾ । ੧੫ ਬਹੁਤੇ ਉਨ੍ਹਾਂ ਵਿੱਚ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ-ਚੂਰ ਹੋ ਜਾਣਗੇ ਅਤੇ ਫੰਦੇ ਵਿੱਚ ਫਸਣਗੇ ਅਤੇ ਫੜ੍ਹੇ ਜਾਣਗੇ ।
ਮੁਰਦਿਆਂ ਤੋਂ ਪੁੱਛਾਂ ਲੈਣ ਦੇ ਵਿਰੁੱਧ ਚੇਤਾਵਨੀ
੧੬ ਸਾਖੀ-ਨਾਮੇ ਨੂੰ ਬੰਦ ਕਰ, ਅਤੇ ਮੇਰੇ ਚੇਲਿਆਂ ਦੇ ਵਿਚਕਾਰ ਪਰਮੇਸ਼ੁਰ ਦੀ ਬਿਵਸਥਾ ਉੱਤੇ ਮੋਹਰ ਲਾ ਦੇ ੧੭ ਅਤੇ ਮੈਂ ਯਹੋਵਾਹ ਲਈ ਠਹਿਰਾਂਗਾ, ਜਿਸ ਨੇ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾ ਲਿਆ ਹੈ ਅਤੇ ਮੈਂ ਉਸੇ ਨੂੰ ਉਡੀਕਾਂਗਾ । ੧੮ ਵੇਖੋ, ਮੈਂ ਅਤੇ ਉਹ ਬੱਚੇ ਜਿਹੜੇ ਯਹੋਵਾਹ ਨੇ ਮੈਨੂੰ ਬਖ਼ਸ਼ੇ, ਇਸਰਾਏਲ ਵਿੱਚ ਸੈਨਾਂ ਦੇ ਯਹੋਵਾਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ, ਨਿਸ਼ਾਨ ਅਤੇ ਅਚੰਭੇ ਹਨ । ੧੯ ਜਦ ਲੋਕ ਤੁਹਾਨੂੰ ਆਖਣ ਕਿ ਆਓ ਭੂਤਾਂ ਨੂੰ ਕੱਢਣ ਵਾਲਿਆਂ ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਿਆਂ ਤੋਂ ਪੁੱਛੋ, ਜਿਹੜੇ ਘੁਸਰ-ਮੁਸਰ ਅਤੇ ਬੁੜ-ਬੁੜ ਕਰਦੇ ਹਨ, ਤਦ ਤੁਸੀਂ ਇਹ ਉੱਤਰ ਦੇਣਾ - ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛਣਾ ਚਾਹੀਦਾ ਹੈ ? ੨੦ ਪਰਮੇਸ਼ੁਰ ਦੀ ਬਿਵਸਥਾ ਅਤੇ ਚੇਤਾਵਨੀ ਦੀਆਂ ਸਾਖੀਆਂ ਤੋਂ ਸਲਾਹ ਲਓ ! ਜੇ ਉਹ ਇਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ-ਮੁੱਚ ਉਨ੍ਹਾਂ ਲਈ ਪਹੁ ਨਾ ਫਟੇਗੀ ।
ਸੰਕਟ ਦਾ ਸਮਾਂ
੨੧ ਉਹ ਇਸ ਦੇਸ ਵਿੱਚੋਂ ਖੱਜਲ ਅਤੇ ਭੁੱਖੇ ਹੋ ਕੇ ਲੰਘਣਗੇ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਭੁੱਖੇ ਹੋਣਗੇ ਤਾਂ ਉਹ ਆਪਣੇ ਆਪ ਉੱਤੇ ਖਿਝਣਗੇ ਅਤੇ ਆਪਣੇ ਮੂੰਹ ਉਤਾਹਾਂ ਚੁੱਕ ਕੇ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਫਿਟਕਾਰਨਗੇ । ੨੨ ਤਦ ਉਹ ਧਰਤੀ ਵੱਲ ਤੱਕਣਗੇ ਅਤੇ ਵੇਖੋ ! ਬਿਪਤਾ ਅਤੇ ਹਨੇਰਾ, ਕਸ਼ਟ ਦੀ ਧੁੰਦ ਵਿਖਾਈ ਦੇਵੇਗੀ ! ਅਤੇ ਉਹ ਗੂੜ੍ਹੇ ਹਨੇਰੇ ਵਿੱਚ ਧੱਕੇ ਜਾਣਗੇ ।