Nehemiah
ਨਹਮਯਾਹ
ਭੂਮਿਕਾ
ਨਹਮਯਾਹ ਦੀ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: (1) ਨਹਮਯਾਹ ਜਿਸ ਨੂੰ ਫ਼ਾਰਸ ਦੇ ਬਾਦਸ਼ਾਹ ਨੇ ਯਹੂਦਾਹ ਦਾ ਰਾਜਪਾਲ ਨਿਯੁਕਤ ਕੀਤਾ ਸੀ, ਉਸ ਦੀ ਅਗਵਾਈ ਵਿੱਚ ਯਰੂਸ਼ਲਮ ਦੇ ਸ਼ਹਿਰਪਨਾਹ ਦੇ ਪੁਨਰ ਨਿਰਮਾਣ ਦਾ ਵਰਣਨ । ਇਸ ਤੋਂ ਬਿਨ੍ਹਾਂ ਨਹਮਯਾਹ ਬਹੁਤ ਸਾਰੇ ਸਮਾਜਿਕ ਅਤੇ ਧਾਰਮਿਕ ਸੁਧਾਰ ਵੀ ਲਿਆਉਂਦਾ ਹੈ । (2) ਅਜ਼ਰਾ ਦੁਆਰਾ ਲੋਕਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਨੂੰ ਗੰਭੀਰਤਾ ਨਾਲ ਪੜ੍ਹ ਦੇ ਸੁਣਾਉਣਾ, ਅਤੇ ਲੋਕਾਂ ਦੁਆਰਾ ਆਪਣੇ ਪਾਪਾਂ ਦਾ ਇਕਰਾਰ ਕਰਨਾ । (3) ਯਹੂਦਾਹ ਦੇ ਰਾਜਪਾਲ ਦੇ ਰੂਪ ਵਿੱਚ ਨਹਮਯਾਹ ਦੇ ਹੋਰ ਕੰਮ ।
ਇਸ ਪੁਸਤਕ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਨਹਮਯਾਹ ਦੇ ਪਰਮੇਸ਼ੁਰ ਉੱਤੇ ਅਟੱਲ ਵਿਸ਼ਵਾਸ ਅਤੇ ਉਸ ਤੋਂ ਲਗਾਤਾਰ ਪ੍ਰਾਰਥਨਾ ਕਰਨ ਦਾ ਵਰਣਨ ਮਿਲਦਾ ਹੈ ।
ਰੂਪ-ਰੇਖਾ
ਨਹਮਯਾਹ ਦਾ ਯਰੂਸ਼ਲਮ ਨੂੰ ਮੁੜਨਾ 1:1-2:20
ਯਰੂਸ਼ਲਮ ਦੀ ਸ਼ਹਿਰਪਨਾਹ ਦਾ ਪੁਨਰ ਨਿਰਮਾਣ 3:1-7:73
ਬਿਵਸਥਾ ਨੂੰ ਪੜ੍ਹਿਆ ਜਾਣਾ ਅਤੇ ਨੇਮ ਨੂੰ ਨਵਾਂ ਕਰਨਾ 8:1-10:39
ਨਹਮਯਾਹ ਦੇ ਹੋਰ ਕੰਮ 11:1-13:31
ਯਰੂਸ਼ਲਮ ਦੇ ਲਈ ਨਹਮਯਾਹ ਦੀ ਚਿੰਤਾ
੧ ਹਕਲਯਾਹ ਦੇ ਪੁੱਤਰ ਨਹਮਯਾਹ ਦੇ ਬਚਨ । ਇਸ ਤਰ੍ਹਾਂ ਹੋਇਆ ਕਿ ਵੀਹਵੇਂ ਸਾਲ ਦੇ ਕਿਸਲੇਵ ਮਹੀਨੇ ਵਿੱਚ, ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ, ੨ ਤਦ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਆਏ ਹੋਏ ਕਈ ਮਨੁੱਖ ਮੇਰੇ ਕੋਲ ਆਏ, ਤਾਂ ਮੈਂ ਉਹਨਾਂ ਤੋਂ ਉਨ੍ਹਾਂ ਬਚੇ ਹੋਏ ਯਹੂਦੀਆਂ ਦੇ ਬਾਰੇ ਜੋ ਗ਼ੁਲਾਮੀ ਤੋਂ ਛੁੱਟ ਗਏ ਸਨ, ਅਤੇ ਯਰੂਸ਼ਲਮ ਦੇ ਬਾਰੇ ਪੁੱਛਿਆ । ੩ ਤਦ ਉਹਨਾਂ ਨੇ ਮੈਨੂੰ ਕਿਹਾ, “ਉਹ ਬਚੇ ਹੋਏ ਲੋਕ ਜਿਹੜੇ ਗ਼ੁਲਾਮੀ ਤੋਂ ਛੁੱਟ ਕੇ ਉਸ ਸੂਬੇ ਵਿੱਚ ਰਹਿੰਦੇ ਹਨ, ਉਹ ਬਹੁਤ ਦੁਰਦਸ਼ਾ ਵਿੱਚ ਹਨ ਅਤੇ ਉਹਨਾਂ ਦਾ ਨਿਰਾਦਰ ਹੁੰਦਾ ਹੈ, ਕਿਉਂਕਿ ਯਰੂਸ਼ਲਮ ਦੀ ਕੰਧਾਂ ਟੁੱਟੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ ।” ੪ ਇਹ ਗੱਲਾਂ ਸੁਣਦੇ ਹੀ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੱਕ ਵਿਰਲਾਪ ਕਰਦਾ ਰਿਹਾ ਅਤੇ ਸਵਰਗ ਦੇ ਪਰਮੇਸ਼ੁਰ ਦੇ ਸਨਮੁਖ ਵਰਤ ਰੱਖਿਆ ਅਤੇ ਇਹ ਆਖ ਕੇ ਪ੍ਰਾਰਥਨਾ ਕੀਤੀ, ੫ “ਹੇ ਸਵਰਗ ਦੇ ਪਰਮੇਸ਼ੁਰ ਯਹੋਵਾਹ, ਹੇ ਮਹਾਨ ਅਤੇ ਭੈ ਯੋਗ ਪਰਮੇਸ਼ੁਰ ! ਤੂੰ ਜੋ ਆਪਣੇ ਪ੍ਰੇਮੀਆਂ ਅਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਆਪਣੇ ਨੇਮ ਦੀ ਪਾਲਨਾ ਕਰਦਾ ਹੈਂ ਅਤੇ ਉਨ੍ਹਾਂ ਉੱਤੇ ਦਯਾ ਕਰਦਾ ਹੈਂ, ੬ ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁਲ੍ਹੀਆਂ ਰਹਿਣ ਅਤੇ ਇਸ ਸਮੇਂ ਜੋ ਪ੍ਰਾਰਥਨਾ ਮੈਂ ਤੇਰਾ ਦਾਸ ਤੇਰੇ ਦਾਸਾਂ ਇਸਰੇਲੀਆਂ ਦੇ ਲਈ ਦਿਨ ਰਾਤ ਕਰਦਾ ਰਹਿੰਦਾ ਹਾਂ, ਉਸ ਨੂੰ ਤੂੰ ਸੁਣ ਲੈ । ਮੈਂ ਇਸਰੇਲੀਆਂ ਦੇ ਪਾਪਾਂ ਨੂੰ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਹਨ ਮੰਨ ਲੈਂਦਾ ਹਾਂ । ਹਾਂ, ਮੈਂ ਅਤੇ ਮੇਰੇ ਪਿਉ-ਦਾਦਿਆਂ ਦੇ ਘਰਾਣੇ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ । ੭ ਅਸੀਂ ਤੇਰੇ ਵਿਰੁੱਧ ਬਹੁਤ ਬੁਰਿਆਈ ਕੀਤੀ ਹੈ, ਅਤੇ ਅਸੀਂ ਉਨ੍ਹਾਂ ਹੁਕਮਾਂ, ਬਿਧੀਆਂ ਅਤੇ ਨਿਯਮਾਂ ਨੂੰ ਜਿਹੜੇ ਤੂੰ ਆਪਣੇ ਦਾਸ ਮੂਸਾ ਨੂੰ ਦਿੱਤੇ ਸਨ, ਨਹੀਂ ਮੰਨਿਆ । ੮ ਉਸ ਬਚਨ ਨੂੰ ਯਾਦ ਕਰ, ਜਿਸ ਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, 'ਜੇ ਤੁਸੀਂ ਧੋਖਾ ਕਰੋਗੇ ਤਾਂ ਮੈਂ ਤੁਹਾਨੂੰ ਦੇਸ਼-ਦੇਸ਼ ਦੇ ਲੋਕਾਂ ਵਿੱਚ ਖਿਲਾਰ ਦਿਆਂਗਾ, ੯ ਪਰ ਜੇ ਤੁਸੀਂ ਮੇਰੀ ਵੱਲ ਮੁੜੋ ਅਤੇ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਨ੍ਹਾਂ ਦੀ ਪਾਲਨਾ ਕਰੋ, ਤੁਹਾਡੇ ਵਿੱਚੋਂ ਕੱਢੇ ਹੋਏ ਲੋਕ ਆਕਾਸ਼ ਦੇ ਆਖਰੀ ਸਿਰੇ ਤੇ ਹੋਣ, ਤਾਂ ਵੀ ਮੈਂ ਉੱਥੋਂ ਉਹਨਾਂ ਨੂੰ ਇੱਕਠੇ ਕਰ ਕੇ ਉਸ ਸਥਾਨ ਵਿੱਚ ਲਿਆਵਾਂਗਾ, ਜਿਹੜਾ ਮੈਂ ਆਪਣਾ ਨਾਮ ਵਸਾਉਣ ਲਈ ਚੁਣ ਲਿਆ ਹੈ ।' ੧੦ ਹੁਣ ਉਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਵੱਡੇ ਬਲ ਅਤੇ ਤੱਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ । ੧੧ ਹੇ ਪਰਮੇਸ਼ੁਰ ਮੇਰੀ ਬੇਨਤੀ ਹੈ ਕਿ ਤੂੰ ਆਪਣੇ ਦਾਸ ਦੀ ਪ੍ਰਾਰਥਨਾ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਦਾਸਾਂ ਦੀ ਪ੍ਰਾਰਥਨਾ ਵੱਲ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ, ਅਤੇ ਅੱਜ ਤੂੰ ਆਪਣੇ ਦਾਸ ਨੂੰ ਸਫ਼ਲ ਕਰ ਅਤੇ ਉਸ ਮਨੁੱਖ ਦੇ ਅੱਗੇ ਮੈਨੂੰ ਦਯਾ ਦਾ ਭਾਗੀ ਬਣਾ ।” ਮੈਂ ਤਾਂ ਰਾਜਾ ਦਾ ਸਾਕੀ ਸੀ ।